ਪਟਿਆਲਾ, 1 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਵੇਰਕਾ ਨੇ ਦੁੱਧ ਉਤਪਾਦਕ ਅਤੇ ਡੇਅਰੀ ਫਾਰਮਰਾਂ ਨੂੰ ਤੋਹਫ਼ਾ ਦਿੰਦਿਆਂ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਮਿਲਕਸ਼ੈਡ ਏਰੀਏ (ਪਟਿਆਲਾ ਤੇ ਫਹਤਿਗੜ੍ਹ ਸਾਹਿਬ) ਵਿਚ 1 ਅਪ੍ਰੈਲ 2026 ਤੋਂ ਮੱਝਾਂ ਅਤੇ ਗਾਵਾਂ ਦੇ ਦੁੱਧ ਦੇ ਖ਼ਰੀਦ ਰੇਟ ਵਿਚ 20 ਰੁਪਏ ਪ੍ਰਤੀ ਕਿਲੋਂ ਫੈਟ ਦਾ ਵਾਧਾ ਕੀਤਾ ਹੈ | ਇਹ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਜਨਰਲ ਮੈਨੇਜਰ ਡਾ. ਅਮਿਤ ਗਰਗ ਨੇ ਦੱਸਿਆ ਕਿ ਇਹ ਫ਼ੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਮਿਲਕਫੈੱਡ ਪੰਜਾਬ ਪ੍ਰਬੰਧਕ ਨਿਰਦੇਸ਼ਕ ਦੇ ਰਾਹੁਲ ਗੁਪਤਾ ਵਲੋਂ ਲਿਆ ਗਿਆ ਹੈ | ਜਨਰਲ ਮੈਨੇਜਰ ਡਾ. ਅਮਿਤ ਗਰਗ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ, ਪਟਿਆਲਾ ਦੁੱਧ ਉਤਪਾਦਕਾਂ ਦਾ ਆਪਣਾ ਅਦਾਰਾ ਹੈ ਅਤੇ ਦੁੱਧ ਉਤਪਾਦਕਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਧੀਆਂ ਰੇਟ ਦੇਣ ਦੇ ਨਾਲ ਜਿੱਥੇ ਪੰਜਾਬ ਦੀ ਨੌਜਵਾਨੀ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਹੋਵੇਗੀ, ਉੱਥੇ ਹੀ ਮੌਜੂਦਾ ਸਮੇਂ ਤੋਂ ਚੱਲ ਰਹੇ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਦੀ ਰੁਚੀ ਡੇਅਰੀ ਦੇ ਇਸ ਪ੍ਰਫੁਲਿਤ ਕਿੱਤੇ ਵਿੱਚ ਹੋਰ ਵਧੇਗੀ | ਡਾ. ਗਰਗ ਨੇ ਹੋਰ ਦੱਸਿਆ ਕਿ ਵੇਰਕਾ ਆਪਣੇ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਵਧੀਆਂ ਰੇਟ ਦੇਣ ਦੇ ਨਾਲ-ਨਾਲ ਹੋਰ ਤਕਨੀਕੀ ਸੇਵਾਵਾਂ ਜਿਵੇਂ ਕਿ ਵੈਟਨਰੀ ਡਾਕਟਰਾਂ ਦੀ ਸਹੂਲਤ ਅਤੇ ਦਵਾਈਆਂ, ਹਰੇ ਚਾਰੇ ਦੇ ਸੋਧੇ ਹੋਏ ਬੀਜ, ਵਧੀਆਂ ਕੁਆਲਿਟੀ ਦੀ ਫੀਡ, ਮਿਲਰਲ ਮਿਕਸਚਰ, ਵੈਂਟੀਲੇਸ਼ਨ ਪੱਖੇ, ਮਿਲਕਿੰਗ ਮਸ਼ੀਨਾਂ (ਸਿੰਗਲ ਅਤੇ ਡਬਲ ਬਕਿਟ) ਇੰਮਪੋਰਟਡ ਸੀਮਨ ਆਦਿ ਵੀ ਸਬਸਿਡੀ ਦੇ ਮੁਹੱਈਆ ਕਰਵਾਇਆ ਜਾਂਦਾ ਹੈ | ਜੀ.ਐਮ ਡਾ. ਗਰਗ ਨੇ ਪੰਜਾਬ ਭਰ ਵਿੱਚ ਪੈਂਦੇ ਦੁੱਧ ਉਤਪਾਦਕ ਤੇ ਡੇਅਰੀ ਫਾਰਮਰਾਂ ਨੂੰ ਵੀ ਵੇਰਕਾ ਨਾਲ ਜੁੜ ਕੇ ਇਨ੍ਹਾਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਵੇਰਕਾ ਮਾਰਕੀਟ ਵਿਚ ਉਪਭੋਗਤਾਵਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਦੁੱਧ ਉਤਪਾਦਕਾਂ ਤੋਂ ਖ਼ਰੀਦਿਆਂ ਗਿਆ ਵਧੀਆ ਕੁਆਲਿਟੀ ਦਾ ਦੁੱਧ ਅਤੇ ਦੁੱਧ ਤੋਂ ਬਣੇ ਤਾਜ਼ੇ ਪਦਾਰਥ ਵਾਜਬ ਰੇਟ ਉੱਤੇ ਸਪਲਾਈ ਕਰ ਰਿਹਾ ਹੈ |