ਖ਼ਾਲਸਾ ਕਾਲਜ ਵਿਖੇ 'ਏਆਈ ਟੂਲਜ਼ ਫ਼ਾਰ ਸਮਾਰਟ ਟੀਚਿੰਗ' ਵਿਸ਼ੇ 'ਤੇ ਸੱਤ ਦਿਨਾਂ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਸ਼ੁਰੂ
ਅਜੀਤ ਡੈਸਕ
20-02-2026
ਇਸ ਸੱਤ ਦਿਨਾਂ ਵਰਕਸ਼ਾਪ ਦੌਰਾਨ ਤਕਨੀਕੀ ਮਾਹਿਰ ਵਜੋਂ ਪ੍ਰੋ. ਗੁਰਪਾਲ ਸਿੰਘ ਅਤੇ ਪ੍ਰੋ. ਲਾਲ ਸਿੰਘ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਇਹ ਮਾਹਿਰ ਹਾਜ਼ਰ ਫੈਕਲਟੀ ਮੈਂਬਰਾਂ ਨੂੰ ਏਆਈ ਟੂਲਜ਼ ਦੀ ਵਰਤੋਂ ਬਾਰੇ ਵਿਹਾਰਕ ਸਿਖਲਾਈ ਪ੍ਰਦਾਨ ਕਰਨਗੇ | ਪ੍ਰੋਗਰਾਮ ਦੇ ਮੁੱਖ ਆਕਰਸ਼ਣਾਂ ਵਿਚ ਸਿੱਖਿਆ ਦੇ ਖੇਤਰ ਵਿਚ ਏਆਈ ਦੀ ਜਾਣ-ਪਛਾਣ, ਵੱਖ-ਵੱਖ ਏਆਈ ਸਾਧਨਾਂ 'ਤੇ ਹੱਥੀਂ ਸਿਖਲਾਈ ਅਤੇ ਏਆਈ ਦੀ ਮਦਦ ਨਾਲ ਅਧਿਆਪਨ ਤੇ ਸਿੱਖਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ | ਇਸ ਤੋਂ ਇਲਾਵਾ, ਪ੍ਰੋਗਰਾਮ ਵਿਚ ਇਸ ਗੱਲ 'ਤੇ ਵੀ ਵਿਸ਼ੇਸ਼ ਚਰਚਾ ਕੀਤੀ ਜਾਵੇਗੀ ਕਿ ਕਿਵੇਂ ਏਆਈ-ਆਧਾਰਿਤ ਮੁਲਾਂਕਣ ਤਕਨੀਕਾਂ ਦੀ ਵਰਤੋਂ ਕਰਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਪਾਰਦਰਸ਼ੀ ਅਤੇ ਤੇਜ਼ੀ ਨਾਲ ਮਾਪਿਆ ਜਾ ਸਕਦਾ ਹੈ | ਤਕਨੀਕ ਦੇ ਫ਼ਾਇਦਿਆਂ ਦੇ ਨਾਲ-ਨਾਲ, ਇਸ ਦੀ ਵਰਤੋਂ ਨਾਲ ਜੁੜੇ ਨੈਤਿਕ ਮੁੱਦਿਆਂ 'ਤੇ ਵੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤਾਂ ਜੋ ਇਸ ਦਾ ਇਸਤੇਮਾਲ ਜ਼ਿੰਮੇਵਾਰੀ ਨਾਲ ਕੀਤਾ ਜਾ ਸਕੇ | ਪ੍ਰੋਗਰਾਮ ਦੇ ਪਹਿਲੇ ਦਿਨ ਪ੍ਰੋ. ਗੁਰਪਾਲ ਸਿੰਘ ਵਲੋਂ ਏਆਈ ਟੂਲਜ਼ ਨਾਲ ਜਾਣ ਪਹਿਚਾਣ ਕਰਵਾਈ ਗਈ ਅਤੇ ਵੱਖ-ਵੱਖ ਏਆਈ ਚੈਟ ਬੋਟ ਬਾਰੇ ਵੀ ਦੱਸਿਆ ਗਿਆ | ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ |