12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਨੌਰ 'ਚ ਕਾਨੂੰਨ ਦੀਆਂ ਉਡਾਈਆਂ ਧੱਜੀਆਂ, ਸ਼ੋਅਰੂਮ ਸਮੇਤ 4 ਦੁਕਾਨਾਂ 'ਤੇ ਵਿਵਾਦ

ਅਜੀਤ ਡੈਸਕ 20-02-2026
ਸਨੌਰ, 19 ਫਰਵਰੀ (ਸੋਖਲ)-ਸਨੌਰ ਦੀ ਨਗਰ ਕੌਂਸਲ ਦੀ ਹਦੂਦ ਅੰਦਰ ਨਾਜਾਇਜ਼ ਉਸਾਰੀਆਂ ਦਾ ਮਾਮਲਾ ਭਖਦਾ ਜਾ ਰਿਹਾ ਹੈ | ਤਾਜ਼ਾ ਖ਼ੁਲਾਸੇ ਅਨੁਸਾਰ ਸ਼ਹਿਰ ਵਿਚ 4 ਦੁਕਾਨਾਂ ਅਤੇ ਇਕ ਵੱਡੇ ਸ਼ੋਅਰੂਮ ਦੀ ਉਸਾਰੀ ਬਿਨਾਂ ਲਾਜ਼ਮੀ ਮਨਜ਼ੂਰੀਆਂ ਅਤੇ ਨਕਸ਼ਾ ਪਾਸ ਕਰਵਾਏ ਕੀਤੀ ਗਈ ਹੈ | ਇਹ ਖ਼ੁਲਾਸਾ ਸਾਹਮਣੇ ਆਉਂਦੇ ਹੀ ਸਥਾਨਕ ਵਸਨੀਕਾਂ ਵਿਚ ਰੋਸ ਦੀ ਲਹਿਰ ਦੌੜ ਗਈ ਹੈ ਅਤੇ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ | ਸੂਤਰਾਂ ਮੁਤਾਬਿਕ ਉਕਤ ਇਮਾਰਤਾਂ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਕਰਕੇ ਬਣਾਈਆਂ ਗਈਆਂ ਹਨ, ਸਗੋਂ ਸੜਕ ਦੀ ਹੱਦ ਵਿਚ ਵੀ ਦਾਖਲ ਹੋਣ ਦੇ ਦੋਸ਼ ਹਨ | ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਉਸਾਰੀ ਲੰਮੇ ਸਮੇਂ ਤੱਕ ਚੱਲਦੀ ਰਹੀ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਮ ਨਾਗਰਿਕ ਆਪਣੇ ਘਰ ਵਿਚ ਛੋਟੀ ਜਿਹੀ ਤਬਦੀਲੀ ਕਰੇ ਤਾਂ ਤੁਰੰਤ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ, ਪਰ ਵੱਡੇ ਵਪਾਰਕ ਨਿਰਮਾਣਾਂ 'ਤੇ ਚੁੱਪੀ ਕਿਉਂ? ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਇਹ ਸਭ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ | ਮਾਮਲਾ ਗੰਭੀਰ ਹੋਣ ਕਾਰਨ ਹੁਣ ਪ੍ਰਸ਼ਾਸਨ 'ਤੇ ਦਬਾਅ ਵੱਧ ਰਿਹਾ ਹੈ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ | ਜੇਕਰ ਸਮੇਂ ਸਿਰ ਨਾਜਾਇਜ਼ ਉਸਾਰੀਆਂ ਨਾ ਰੋਕੀਆਂ ਗਈਆਂ ਤਾਂ ਸ਼ਹਿਰ ਦੀ ਯੋਜਨਾਬੱਧ ਵਿਕਾਸ ਪ੍ਰਣਾਲੀ ਪੂਰੀ ਤਰ੍ਹਾਂ ਡਗਮਗਾ ਸਕਦੀ ਹੈ | ਹੁਣ ਦੇਖਣਾ ਇਹ ਹੈ ਕਿ ਨਗਰ ਕੌਂਸਲ ਸਿਰਫ਼ ਕਾਗ਼ਜ਼ੀ ਕਾਰਵਾਈ ਤੱਕ ਸੀਮਤ ਰਹਿੰਦੀ ਹੈ ਜਾਂ ਵਾਸਤਵ ਵਿਚ ਬੁਲਡੋਜ਼ਰ ਚਲਾ ਕੇ ਕਾਨੂੰਨ ਦੀ ਪਾਲਨਾ ਯਕੀਨੀ ਬਣਾਉਂਦੀ ਹੈ | ਸ਼ਹਿਰ ਵਾਸੀਆਂ ਦੀ ਨਿਗ੍ਹਾ ਹੁਣ ਪ੍ਰਸ਼ਾਸਨ ਦੀ ਅਗਲੀ ਚਾਲ 'ਤੇ ਟਿਕੀ ਹੋਈ ਹੈ |
ਪਿਛਲੀ ਖ਼ਬਰ ਸਾਬਕਾ ਜਥੇਦਾਰ ਅਤੇ ਹੈੱਡਗ੍ਰੰਥੀ ਭਾਈ ਰਘਵੀਰ ਸਿੰਘ ਵਲੋਂ ਉਠਾਏ ਮੁੱਦੇ 'ਤੇ ਗੰਭੀਰਤਾ ਨਾਲ ਕੀਤੀ ਜਾਵੇ ਜਾਂਚ ਪੜਤਾਲ-ਭਾਈ... ਅਗਲੀ ਖ਼ਬਰ ਕਿਸਾਨਾਂ 'ਤੇ ਲਾਠੀਚਾਰਜ ਦੀ ਘਟਨਾ ਨਿੰਦਣਯੋਗ-ਡਾ. ਸ਼ੇਰ ਸਿੰਘ ਘੁੰਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।