17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ- ਡਾ. ਬਲਬੀਰ ਸਿੰਘ

ਅਜੀਤ ਡੈਸਕ 29-01-2026
ਪਟਿਆਲਾ, 28 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਜੇ ਪੰਜਾਬੀ ਹੈ ਤਾਂ ਹੀ ਪੰਜਾਬ ਹੈ ਅਤੇ ਜੇ ਪੰਜਾਬ ਹੈ ਤਾਂ ਹੀ ਅਸੀਂ ਸਾਰੇ ਹਾਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਕਰਵਾਈ ਜਾ ਰਹੀ 37ਵੀਂ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ 'ਚ ਸ਼ਿਰਕਤ ਕਰਦਿਆਂ ਕੀਤਾ | 'ਉਚੇਰੀ ਸਿੱਖਿਆ 'ਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ : ਸਮੱਸਿਆਵਾਂ ਅਤੇ ਸਮਾਧਾਨ' ਵਿਸ਼ੇ 'ਤੇ ਕਰਵਾਈ ਜਾ ਰਹੀ ਇਸ ਕਾਨਫਰੰਸ 'ਚ ਉਨ੍ਹਾਂ ਕਿਹਾ ਕਿ ਪੰਜਾਬੀਅਤ ਦੀ ਵਿਲੱਖਣ ਪਛਾਣ ਨੂੰ ਅਸੀਂ ਕਾਇਮ ਰੱਖਣਾ ਹੈ | ਇਕ ਹੋਰ ਅਹਿਮ ਬਿਆਨ 'ਚ ਉਨ੍ਹਾਂ ਕਿਹਾ ਕਿ ਆਰਟੀਫੀਸੀਅਲ ਇੰਟੈਲੀਜੈਂਸ ਦੇ ਯੁੱਗ 'ਚ ਅਸੀਂ ਬੌਧਿਕ ਵਿਕਾਸ ਨਹੀਂ ਰੁਕਣ ਦੇਣਾ | ਇਸ ਮਕਸਦ ਲਈ ਪੁਸਤਕਾਂ ਦੀ ਭੂਮਿਕਾ ਅਹਿਮ ਹੈ | ਉਨ੍ਹਾਂ ਇਸ ਮੌਕੇ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਵੀ ਗੱਲ ਕੀਤੀ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਤਕਨਾਲੋਜੀ ਦੇ ਯੁੱਗ 'ਚ ਆਪਣੇ ਵਿਰਸੇ ਨੂੰ ਸਹੀ ਤਰੀਕੇ ਨਾਲ ਸੰਭਾਲ ਕੇ ਰੱਖਣਾ ਵੀ ਇਕ ਵੱਡੀ ਚੁਨੌਤੀ ਵਾਂਗ ਹੈ | ਉਨ੍ਹਾਂ ਕਿਹਾ ਕਿ ਹੁਣ ਜਦੋਂ ਆਰਟੀਫੀਸੀਅਲ ਇੰਟੈਲੀਜੈਂਸ ਦੇ ਯੁੱਗ 'ਚ ਵੱਖ-ਵੱਖ ਤਰ੍ਹਾਂ ਦਾ ਡਾਟਾ ਬਹੁਤ ਅਹਿਮੀਅਤ ਰਖਦਾ ਹੈ ਤਾਂ ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਪ੍ਰਮਾਣਿਤ ਡਾਟਾ ਇੰਟਰਨੈੱਟ ਦੇ ਸੰਬੰਧਿਤ ਸਰੋਤਾਂ ਤੱਕ ਉਪਲਬਧ ਕਰਵਾਈਏ | ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਗਿਆਨ-ਵਿਗਿਆਨ ਦੇ ਵੱਖ-ਵੱਖ ਖੇਤਰਾਂ 'ਚ ਕੀਤੇ ਕਾਰਜਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਜਦੋਂ ਕੌਮੀ ਸਿੱਖਿਆ ਨੀਤੀ 'ਚ ਵੀ ਇਸ ਗੱਲ ਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ ਹੈ ਕਿ ਖੇਤਰੀ ਭਾਸ਼ਾਵਾਂ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਾਣਾ ਚਾਹੀਦਾ ਹੈ ਤਾਂ ਯੂਨੀਵਰਸਿਟੀ ਦੇ ਇਸ ਵਿਭਾਗ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ | ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਜਸਬੀਰ ਸਿੰਘ ਗਿੱਲ, ਯੂ.ਐੱਸ.ਏ. ਨੇ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ਼ ਸਾਈਬਰ-ਸੁਰੱਖਿਆ ਦੇ ਖੇਤਰ 'ਚ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦਿਆਂ ਪੰਜਾਬੀ ਭਾਸ਼ਾ ਦੀ ਖ਼ੂਬਸੂਰਤੀ ਬਾਰੇ ਗੱਲ ਕੀਤੀ | ਡਾ. ਮਲਕੀਤ ਸਿੰਘ ਸੈਣੀ ਨੇ ਕਾਨਫਰੰਸ ਦੇ ਮੁੱਖ-ਸੁਰ ਭਾਸ਼ਣ ਦੌਰਾਨ ਵਿਗਿਆਨ ਦੀ ਪੜ੍ਹਾਈ ਪੰਜਾਬੀ ਭਾਸ਼ਾ 'ਚ ਕਰਵਾਏ ਜਾਣ ਸੰਬੰਧੀ ਔਕੜਾਂ, ਚੁਨੌਤੀਆਂ ਅਤੇ ਹੱਲ ਬਾਰੇ ਵਿਸਥਾਰ ਵਿੱਚ ਗੱਲ ਕੀਤੀ | ਉਨ੍ਹਾਂ ਕਿਹਾ ਕਿ ਵਿਗਿਆਨਕ ਸੰਕਲਪਾਂ ਲਈ ਢੁਕਵੀਂ ਸ਼ਬਦਾਵਲੀ ਦੀ ਘਾਟ ਹੋਣ ਦੇ ਬਾਵਜੂਦ ਵਿਗਿਆਨ ਨੂੰ ਪੰਜਾਬੀ ਭਾਸ਼ਾ 'ਚ ਪੜ੍ਹਨਾ-ਲਿਖਣਾ ਅਸੰਭਵ ਨਹੀਂ ਹੈ | ਉਨ੍ਹਾਂ ਵੱਖ-ਵੱਖ ਅਦਾਰਿਆਂ ਨੂੰ ਇਸ ਦਿਸ਼ਾ 'ਚ ਅੱਗੇ ਆਉਣ ਲਈ ਪ੍ਰੇਰਿਆ | ਧੰਨਵਾਦੀ ਭਾਸ਼ਣ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਵਲੋਂ ਦਿੱਤਾ ਗਿਆ | ਉਦਘਾਟਨੀ ਸੈਸ਼ਨ ਦਾ ਸੰਚਾਲਨ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਨੇ ਕੀਤਾ | ਇਸ ਮੌਕੇ ਵਿਭਾਗ ਵਲੋਂ ਪ੍ਰਕਾਸ਼ਿਤ ਦੋ ਰਸਾਲੇ ਅਤੇ ਕੁਝ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ |
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ, ਇਕ ਨਾਮਜ਼ਦ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਦਲਿਤ-ਹਿਤੈਸ਼ੀ ਦਾਅਵੇ ਖੋਖਲੇ, ਐੱਸ. ਸੀ. ਸਬ-ਪਲਾਨ ਦੇ ਨਾਂਅ 'ਤੇ ਪੰਜਾਬ ਨਾਲ ਧੋਖਾ- ਕੈਂਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।