ਪਟਿਆਲਾ, 22 ਜਨਵਰੀ (ਧਰਮਿੰਦਰ ਸਿੰਘ ਸਿੱਧੂ)-2018 ਬੈਚ ਦੇ ਨੌਜਵਾਨ ਆਈ.ਏ.ਐੱਸ. ਅਧਿਕਾਰੀ ਵਰਜੀਤ ਵਾਲੀਆ ਨੇ ਅੱਜ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਨੇ ਡਾ. ਪ੍ਰੀਤੀ ਯਾਦਵ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ ਹੈ, ਜਿਨ੍ਹਾਂ ਦੀ ਬਦਲੀ ਐਮ.ਡੀ. ਮਾਰਕਫੈਡ ਵਜੋਂ ਹੋਈ ਹੈ | ਵਰਜੀਤ ਵਾਲੀਆ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ, ਉਨ੍ਹਾਂ ਦੀ ਇਹ ਮੁੱਖ ਤਰਜੀਹ ਰਹੇਗੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਫਲੈਗਸ਼ਿਪ ਸਕੀਮਾਂ ਦਾ ਲਾਭ ਲੋਕਾਂ ਲਈ ਹੇਠਲੇ ਪੱਧਰ ਤੱਕ ਪੁੱਜਦਾ ਕੀਤਾ ਜਾਵੇ | ਵਰਜੀਤ ਵਾਲੀਆ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਵਲੋਂ ਨਸ਼ਾ ਮੁਕਤ ਪੰਜਾਬ ਤੇ ਰੰਗਲਾ ਪੰਜਾਬ ਸਿਰਜਣ ਦੇ ਸੁਪਨੇ ਨੂੰ ਸਾਕਾਰ ਕਰਨ ਸਮੇਤ ਸਿਹਤ ਤੇ ਸਿੱਖਿਆ ਖੇਤਰਾਂ 'ਚ ਹੋਰ ਸੁਧਾਰ ਕਰਨਾ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਘਰ-ਘਰ ਤੱਕ ਪੁੱਜਦਾ ਕਰਨਾ ਵੀ ਉਨ੍ਹਾਂ ਦੀਆਂ ਤਰਜ਼ੀਹਾਂ 'ਚ ਸ਼ਾਮਿਲ ਹੈ | ਜਿਕਰਯੋਗ ਹੈ ਕਿ 2018 ਬੈਚ ਦੇ ਆਈ.ਏ.ਐੱਸ. ਅਧਿਕਾਰੀ ਵਰਜੀਤ ਵਾਲੀਆ, ਆਈ.ਆਈ.ਟੀ. ਦਿੱਲੀ ਤੋਂ ਕੈਮੀਕਲ ਇੰਜੀਨੀਅਰਿੰਗ 'ਚ ਗ੍ਰੈਜੂਏਟ ਹਨ | ਇਸ ਤੋਂ ਪਹਿਲਾਂ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ | ਇਸ ਤੋਂ ਪਹਿਲਾਂ ਉਹ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ, ਏ. ਡੀ. ਸੀ. ਸੰਗਰੂਰ ਤੇ ਐੱਸ. ਡੀ. ਐਮ. ਬਰਨਾਲਾ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ | ਅੱਜ ਅਹੁਦਾ ਸੰਭਾਲਣ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤਨੀ ਤੇ ਆਈ. ਆਰ. ਐੱਸ. ਅਧਿਕਾਰੀ ਤਾਨੀਆ ਬੈਂਸ ਤੇ ਪੁੱਤਰ ਵਰਤਾਜ ਵਾਲੀਆ ਵੀ ਮੌਜੂਦ ਸਨ | ਇਸ ਮੌਕੇ ਐੱਸ. ਪੀ. ਵੈਭਵ ਚੌਧਰੀ, ਏ. ਡੀ. ਸੀਜ਼ ਦਮਨਜੀਤ ਸਿੰਘ ਮਾਨ, ਸਿਮਰਪ੍ਰੀਤ ਕੌਰ ਤੇ ਡਾ ਇਸਮਤ ਵਿਜੇ ਸਿੰਘ, ਐੱਸ. ਪੀ. ਪਲਵਿੰਦਰ ਸਿੰਘ ਚੀਮਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐੱਸ. ਡੀ. ਐਮ. ਹਰਜੋਤ ਕੌਰ ਮਾਵੀ, ਜ਼ਿਲ੍ਹਾ ਮਾਲ ਅਫ਼ਸਰ ਅੰਕਿਤਾ ਅਗਵਰਾਲ ਸਮੇਤ ਡੀ.ਸੀ. ਦਫ਼ਤਰ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਨਵੇਂ ਡਿਪਟੀ ਕਮਿਸ਼ਨਰ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ |