ਰਾਜਪੁਰਾ, 22 ਜਨਵਰੀ (ਜੀ.ਪੀ. ਸਿੰਘ)-ਭੋਗਲਾਂ ਰੋਡ 'ਤੇ ਵਿਕਰਮ ਕਾਲੋਨੀ 'ਚ ਲੰਘੇ ਚਾਰ ਮਹੀਨਿਆਂ ਤੋਂ ਸੀਵਰੇਜ ਲਾਈਨ ਬੰਦ ਹੋਣ 'ਤੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ 'ਚ ਚਲ ਰਿਹਾ ਹੈ ਤੇ ਕਾਲੋਨੀ ਵਾਸੀ ਬਦਬੂਦਾਰ ਪਾਣੀ ਨਾਲ ਭਰੀਆਂ ਗਲੀਆਂ 'ਚ ਰਹਿਣ ਲਈ ਮਜਬੂਰ ਹਨ | ਜਦੋਂ ਇਸ ਕਾਲੋਨੀ ਦਾ ਦੌਰਾ ਕੀਤਾ ਗਿਆ ਤਾਂ ਕਾਲੋਨੀ ਵਾਸੀ ਇਕੱਠੇ ਹੋ ਗਏ ਤਾਂ ਸੁਸ਼ੀਲਾ ਦੇਵੀ ਅਤੇ ਦੀਪਕ ਕੁਮਾਰ ਨੇ ਦੱਸਿਆ ਕਿ ਸੀਵਰੇਜ ਲਾਈਨਾਂ ਬੰਦ ਹੋਣ ਕਾਰਨ ਕਾਲੋਨੀ ਦੀਆਂ ਗਲੀਆਂ 'ਚ ਸੀਵਰੇਜ ਦਾ ਗੰਦਾ ਬਦਬੂਦਾਰ ਪਾਣੀ ਖੜ੍ਹਾ ਹੈ ਤੇ ਜਿਸ ਨਾਲ ਛੋਟੇ ਬੱਚੇ ਤਾਂ ਬਿਮਾਰ ਹੋ ਰਹੇ ਹਨ ਤੇ ਹੁਣ ਵੱਡੇ ਵੀ ਬਿਮਾਰ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਕਈ ਵਾਰ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਦਫ਼ਤਰ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਹਨ ਪਰ ਲੰਘੇ 4 ਮਹੀਨਿਆਂ ਤੋਂ ਇਸ ਕਾਲੋਨੀ ਦੇ ਲੋਕਾਂ ਦੀ ਸਾਰ ਲੈਣ ਕੋਈ ਨਹੀਂ ਆਇਆ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਉਹ ਫੇਰ ਸੰਘਰਸ਼ ਕਰਨਗੇ | ਇਸ ਸੰਬੰਧ 'ਚ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਜਾ ਕੇ ਮੌਕਾ ਦੇਖ ਕੇ ਆਏ ਹਨ ਤੇ ਸੀਵਰੇਜ ਬੋਰਡ ਦੇ ਸਥਾਨਕ ਅਧਿਕਾਰੀਆਂ ਨੂੰ ਹਿਦਾਇਤਾਂ ਵੀ ਦਿੱਤੀਆਂ ਹਨ | ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਵਤਾਰ ਚੰਦ ਨੇ ਕਿਹਾ ਕਿ ਇਹ ਕਾਲੋਨੀਆਂ 'ਚ ਨਜਾਇਜ਼ ਤੌਰ 'ਤੇ ਪਹਿਲਾਂ ਲਾਈਨਾਂ ਪਾਈਆਂ ਗਈਆਂ ਸਨ ਪਰ ਹੁਣ ਕਾਲੋਨੀ ਵਾਸੀ ਜੇਕਰ ਦਰਖ਼ਾਸਤ ਦਿੰਦੇ ਹਨ ਤਾਂ ਜਲਦੀ ਹੀ ਨਵੀਆਂ ਸੀਵਰੇਜ ਦੀਆਂ ਲਾਈਆਂ ਪਵਾ ਦਿੱਤੀਆਂ ਜਾਣਗੀਆਂ | ਇਸ ਮੌਕੇ ਦਰਸ਼ਨਾਂ ਰਾਣੀ, ਅਜੈ ਕੁਮਾਰ, ਕਿਰਨਾ ਰਾਣੀ, ਦੀਪਕ ਕੁਮਾਰ ਸਮੇਤ ਹੋਰ ਕਾਲੋਨੀ ਵਾਸੀ ਮੌਜੂਦ ਸਨ |