ਰਾਜਪੁਰਾ 22 ਜਨਵਰੀ (ਰਣਜੀਤ ਸਿੰਘ)-ਡੈਮੋਕੇ੍ਰਟਿਕ ਮਨਰੇਗਾ ਫ਼ਰੰਟ ਆਉਣ ਵਾਲੀ 26 ਜਨਵਰੀ ਨੂੰ ਅਨਾਜ ਮੰਡੀ ਪਟਿਆਲਾ ਵਿਖੇ ਮਨਰੇਗਾ ਖ਼ਤਮ ਕਰਕੇ ਨਵਾਂ ਕਾਨੂੰਨ ਬਣਾਉਣ ਦੇ ਰੋਸ ਵਜੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਵੱਡਾ ਇਕੱਠ ਕੀਤਾ ਜਾਵੇਗਾ | ਇਸ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਕੌਰ ਖ਼ਾਨਪੁਰ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਨੂੰ ਖ਼ਤਮ ਕਰਕੇ ਵੀ ਬੀ ਜੀ ਰਾਮ ਜੀ ਬਣਾ ਕੇ ਗਰੀਬ ਲੋਕਾਂ ਦੇ ਰਿਜ਼ਕ 'ਤੇ ਵੱਡਾ ਹਮਲਾ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਰਾਜਾਂ ਦੀ ਹਿੱਸੇਦਾਰੀ 10 ਫ਼ੀਸਦੀ ਤੋਂ ਵਧਾ ਕੇ 40 ਫ਼ੀਸਦੀ ਕਰਕੇ ਫੈਡਰਲਿਜਮ ਨੂੰ ਵੱਡੀ ਸੱਟ ਮਾਰੀ ਹੈ | ਆਗੂਆਂ ਨੇ ਕਿਹਾ ਕਿ ਗ੍ਰਾਮ ਸਭਾਵਾਂ ਦੇ ਹੱਕਾਂ ਨੂੰ ਖੋਹ ਕੇ ਲੋਕਤੰਤਰ ਦਾ ਵੱਡਾ ਘਾਣ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਮਨਰੇਗਾ ਕਾਨੂੰਨ ਦੇਸ਼ ਦੇ ਹਰ ਮਜ਼ਦੂਰ ਨੂੰ 100 ਦਿਨਾਂ ਦੇ ਰੋਜ਼ਗਾਰ ਦਾ ਕਾਨੂੰਨੀ ਹੱਕ ਦਿੰਦਾ ਹੈ | ਆਗੂਆਂ ਨੇ ਕਿਹਾ ਕਿ ਨਵੇ ਕਾਨੂੰਨ ਤਹਿਤ ਸਿੱਖਿਆ ਦਾ ਅਧਿਕਾਰ ਕਰੀਬ ਕਰੀਬ ਖ਼ਤਮ ਹੀ ਕਰ ਦਿੱਤਾ ਹੈ, ਇਸ ਦੇ ਨਾਲ ਹੀ ਬਿਜਲੀ ਬਿੱਲ, ਸੀਡ ਬਿੱਲ, ਡੈਮ ਸੇਫ਼ਟੀ ਬਿੱਲ, ਖੇਤੀ ਨਾਲ ਸੰਬੰਧਿਤ ਤਿੰਨ ਕਾਲੇ ਕਾਨੂੰਨ ਸਮੇਤ ਹੋਰਨਾਂ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਕਾਰਪੋਰੇਟ ਘਰਾਨਿਆਂ ਦੇ ਹੱਕਾਂ ਦੀ ਰਾਖੀ ਕਰਦੀ ਆ ਰਹੀ ਹੈ | ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਨੂੰ ਅਨਾਜ ਮੰਡੀ ਪਟਿਆਲਾ ਵਿਖੇ ਵੱਡੀ ਗਿਣਤੀ 'ਚ ਪੁੱਜਣ | ਇਸ ਮੌਕੇ 'ਤੇ ਮਨਪ੍ਰੀਤ ਕੌਰ, ਰਣਜੀਤ ਸਿੰਘ ਨਲਾਸ, ਭਗਵੰਤ ਸਿੰਘ, ਗੁਰਜਿੰਦਰ ਸਿੰਘ ਭੰਗੂ, ਸੁਖਵਿੰਦਰ ਕੌਰ ਸੁਰਲ, ਗੁਲਜ਼ਾਰ ਸਿੰਘ, ਭਾਗ ਕੌਰ, ਗੁਰਮੀਤ ਕੌਰ ਅਤੇ ਹੋਰ ਆਗੂ ਹਾਜ਼ਰ ਸਨ |