ਪਟਿਆਲਾ, 20 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਤੋਂ ਸਮਾਣਾ ਨੂੰ ਜਾਣ ਵਾਲੀ ਮੁਖ ਸੜਕ ਇਸ ਵੇਲੇ ਭਰਵੀਂ ਅਤੇ ਤੇਜ ਰਫ਼ਤਾਰ ਆਵਾਜਾਈ ਲਈ ਘਾਤਕ ਸਾਬਤ ਹੋ ਰਹੀ ਹੈ | ਟੋਲ ਪਲਾਜ਼ਾ ਹਟਾਏ ਜਾਣ ਅਤੇ ਮੁੱਖ ਮੰਤਰੀ ਵਲੋਂ ਇਸ ਰੋਡ ਨੂੰ ਚਾਰ ਮਾਰਗੀ ਬਣਾਉਣ ਦੇ ਐਲਾਨ ਨਾਲ ਰਾਹਗੀਰਾਂ 'ਚ ਜੋ ਖੁਸ਼ੀ ਦੀ ਲਹਿਰ ਦੌੜੀ ਸੀ, ਉਹ ਹੁਣ ਦਿਨੋਂ-ਦਿਨ ਟੁੱਟਦੀ ਸੜਕ ਅਤੇ ਵੱਡੇ-ਵੱਡੇ ਖੱਡਿਆਂ ਕਾਰਨ ਨਿਰਾਸ਼ਾ 'ਚ ਬਦਲਦੀ ਜਾ ਰਹੀ ਹੈ | ਪਟਿਆਲਾ ਸਮਾਣਾ ਰੋਡ ਇਕ ਅਹਿਮ ਰਾਹਦਾਰੀ ਹੈ ਜੋ ਦਿੱਲੀ, ਹਰਿਆਣਾ ਅਤੇ ਰਾਜਸਥਾਨ ਨੂੰ ਜੋੜਦੀ ਹੈ | ਇਸ ਰਸਤੇ ਰਾਹੀਂ ਪਟਿਆਲਾ, ਸੰਗਰੂਰ, ਬਠਿੰਡਾ ਸਮੇਤ ਪੰਜਾਬ ਦੇ ਕਈ ਜ਼ਿਲਿ੍ਹਆਂ ਤੋਂ ਦੂਜੇ ਰਾਜਾਂ ਵੱਲ ਜਾਣ ਵਾਲੀ ਆਵਾਜਾਈ ਨਿੱਤ ਦਿਨ ਵਧ ਰਹੀ ਹੈ | ਘੱਗੇ ਤੋਂ ਅੱਗੇ ਦਿੱਲੀ ਨੂੰ ਜਾਣ ਲਈ ਨੈਸ਼ਨਲ ਹਾਈਵੇ ਨਾਲ ਸਿੱਧੀ ਜੁੜੀ ਹੋਣ ਕਾਰਨ ਇੱਥੇ ਵੱਡੇ ਵਾਹਨਾਂ ਅਤੇ ਤੇਜ਼ ਰਫ਼ਤਾਰ ਸਾਧਨਾਂ ਦੀ ਭੀੜ ਹਰ ਵੇਲੇ ਬਣੀ ਰਹਿੰਦੀ ਹੈ | ਰਾਹਗੀਰਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ ਹੋਣ ਸਮੇਂ ਇਸ ਸੜਕ ਦੀ ਮੁਰੰਮਤ ਅਤੇ ਸਾਂਭ-ਸੰਭਾਲ ਟੋਲ ਪ੍ਰਬੰਧ ਹੇਠ ਹੁੰਦੀ ਰਹੀ, ਜਿਸ ਕਾਰਨ ਰਸਤਾ ਕਾਫੀ ਹੱਦ ਤੱਕ ਠੀਕ ਸੀ ਪਰ ਜਦੋਂ ਤੋਂ ਟੋਲ ਪਲਾਜ਼ਾ ਹਟਾਇਆ ਗਿਆ ਹੈ, ਉਸ ਤੋਂ ਬਾਅਦ ਸੜਕ ਦੀ ਹਾਲਤ ਤੇਜ਼ੀ ਨਾਲ ਖ਼ਰਾਬ ਹੋਈ ਹੈ | ਡੂੰਘੇ ਅਤੇ ਚੌੜੇ ਖੱਡੇ ਕਈ ਥਾਵਾਂ 'ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਵੱਡੇ ਵਾਹਨ ਹੀ ਨਹੀਂ, ਸਧਾਰਣ ਕਾਰਾਂ ਅਤੇ ਦੋ-ਪਹੀਆ ਸਾਧਨ ਵੀ ਅਕਸਰ ਇਨ੍ਹਾਂ ਖੱਡਿਆਂ 'ਚ ਵੱਜ ਕੇ ਹਾਦਸਾ ਗ੍ਰਸਤ ਹੋ ਰਹੇ ਹਨ, ਜਿਨ੍ਹਾਂ 'ਚ ਕਈ ਵਾਰ ਜਾਨਲੇਵਾ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ | ਲੋਕਾਂ 'ਚ ਇਸ ਗੱਲ ਨੂੰ ਲੈ ਕੇ ਵੱਡਾ ਰੋਸ ਹੈ ਕਿ ਸਰਕਾਰ ਵਲੋਂ ਨਾ ਤਾਂ ਤੁਰੰਤ ਮੁਰੰਮਤ ਕੀਤੀ ਗਈ ਹੈ ਅਤੇ ਨਾ ਹੀ ਖ਼ਤਰਨਾਕ ਖੱਡਿਆਂ ਨੂੰ ਆਰਜ਼ੀ ਤੌਰ 'ਤੇ ਭਰਨ ਲਈ ਕੋਈ ਪ੍ਰਬੰਧ ਕੀਤਾ ਗਿਆ ਹੈ | ਰਾਹਗੀਰਾਂ ਦੀ ਮੰਗ ਹੈ ਕਿ ਇਸ ਅਹਿਮ ਰੋਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਐਲਾਨ ਮੁਤਾਬਿਕ ਚਾਰ ਮਾਰਗੀ ਸੜਕ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਭਰਵੀਂ ਆਵਾਜਾਈ ਵਾਲੇ ਇਸ ਰਸਤੇ 'ਤੇ ਹੋ ਰਹੇ ਹਾਦਸਿਆਂ 'ਤੇ ਰੋਕ ਲੱਗ ਸਕੇ ਅਤੇ ਲੋਕਾਂ ਦੀਆਂ ਜਾਨਾਂ ਬੱਚ ਸਕਣ |