ਪਟਿਆਲਾ, 20 ਜਨਵਰੀ (ਮਨਦੀਪ ਸਿੰਘ ਖਰੌੜ)-ਨਸ਼ਾ ਤਸਕਰਾਂ ਦੇ ਖ਼ਿਲਾਫ਼ ਸ਼ਿਕੰਜਾ ਕਸਦਿਆਂ ਥਾਣਾ ਸਦਰ ਦੀ ਪੁਲਿਸ ਨੇ ਯੂ.ਪੀ. ਤੋਂ ਪੰਜਾਬ ਲੈ ਕੇ ਆਇਆ 2 ਕਿੱਲੋ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਸਿਰਾਜ ਵਾਸੀ ਯੂ.ਪੀ. ਵਜੋਂ ਹੋਈ ਹੈ | ਇਸ ਸੰਬੰਧੀ ਥਾਣਾ ਸਦਰ ਦੇ ਮੁਖੀ ਇੰਸ. ਪਿ੍ਤਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਯੂ.ਪੀ. ਤੋਂ ਪੰਜਾਬ ਅਫ਼ੀਮ ਲੈ ਕੇ ਆ ਰਿਹਾ ਹੈ | ਜਿਸ ਤਹਿਤ ਉਨ੍ਹਾਂ ਥਾਣੇਦਾਰ ਕੁਲਦੀਪ ਸਿੰਘ ਸਮੇਤ ਨਵੇਂ ਬੱਸ ਸਟੈਂਡ ਲਾਗੇ ਇਕ ਬੱਸ 'ਚੋਂ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ | ਜਿਸ ਦੀ ਤਲਾਸ਼ੀ ਦੌਰਾਨ ਉਸ ਤੋਂ 2 ਕਿੱਲੋ ਅਫ਼ੀਮ ਬਰਾਮਦ ਹੋਈ ਹੈ | ਮੁੱਢਲੀ ਪੁੱਛ ਪੜਤਾਲ ਦੌਰਾਨ ਮੁਲਜ਼ਮ ਨੇ ਦਸਿਆ ਹੈ ਕਿ ਉਹ ਅਫ਼ੀਮ ਯੂ.ਪੀ. ਤੋਂ ਲੈ ਕੇ ਆਇਆ ਹੈ ਪਰ ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਅਫ਼ੀਮ ਪੰਜਾਬ 'ਚ ਕਿਸ ਨੂੰ ਸਪਲਾਈ ਕਰਨੀ ਸੀ | ਐੱਸ.ਐੱਚ.ਓ. ਪਿ੍ਤਪਾਲ ਸਿੰਘ ਨੇ ਦਸਿਆ ਕਿ ਹਾਲੇ ਪੁਲਿਸ ਟੀਮ ਇਸ ਕੇਸ ਦੀ ਕਈ ਪੱਖਾਂ ਤੋਂ ਪੜਤਾਲ ਕਰ ਰਹੀ ਹੈ ਕਿ ਮੁਲਜ਼ਮ ਪਹਿਲੀ ਵਾਰ ਅਫ਼ੀਮ ਲੈ ਕੇ ਪੰਜਾਬ ਆਇਆ ਹੈ ਜਾਂ ਫਿਰ ਇਹ ਪਹਿਲਾਂ ਵੀ ਇਹ ਕਾਰੋਬਾਰ ਕਰਦਾ ਸੀ | ਇਸ ਦੇ ਨਾਲ ਹੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਉਹ ਕਿਹੜੇ ਕਿਹੜੇ ਵਿਅਕਤੀਆਂ ਨੂੰ ਇਹ ਅਫ਼ੀਮ ਸਪਲਾਈ ਕਰਨੀ ਸੀ | ਜਾਂਚ ਮੁਕੰਮਲ ਹੋਣ ਤੋਂ ਬਾਅਦ ਕਿਸੇ ਹੋਰ ਵਿਅਕਤੀ ਦੀ ਇਸ ਕੇਸ 'ਚ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਫਿਲਹਾਲ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |