ਪਟਿਆਲਾ, 20 ਜਨਵਰੀ (ਮਨਦੀਪ ਸਿੰਘ ਖਰੌੜ)-ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨੇੜੇ ਝਾੜੀਆਂ 'ਚੋਂ ਇਕ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਣ ਬਾਰੇ ਪਤਾ ਲੱਗਾ ਹੈ | ਇਸ ਸੰਬੰਧੀ ਜਦੋਂ ਥਾਣਾ ਸਿਵਲ ਲਾਈਨ ਦੀ ਟੀਮ ਵਲੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਕ ਪ੍ਰਵਾਸੀ ਮਜ਼ਦੂਰ ਦੀ ਪਤਨੀ ਨੇ ਰਾਜਿੰਦਰਾ ਹਸਪਤਾਲ 'ਚ ਬੱਚੇ ਨੂੰ ਜਨਮ ਦਿੱਤਾ ਸੀ ਬਾਅਦ 'ਚ ਬੱਚੇ ਦੀ ਮੌਤ ਹੋਣ ਕਾਰਨ ਉਸ ਨੇ ਲਾਪ੍ਰਵਾਹੀ ਕਰਦਿਆਂ ਬੱਚੇ ਦੀ ਲਾਸ਼ ਸੰਗਰੂਰ ਰੋਡ 'ਤੇ ਝਾੜੀਆਂ 'ਚ ਸੁੱਟ ਦਿੱਤੀ ਸੀ | ਜਿਸ ਆਧਾਰ 'ਤੇ ਪੁਲਿਸ ਨੇ ਕੁੰਜ ਬਿਹਾਰੀ ਵਾਸੀ ਯੂ.ਪੀ. ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਦੂਜੇ ਪਾਸੇ ਇਸ ਘਟਨਾ ਦੇ ਹੋਰ ਵੀ ਕਈ ਮਤਲਬ ਕੱਢੇ ਜਾ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਰਾਜਿੰਦਰਾ ਹਸਪਤਾਲ 'ਚ ਇਕ ਨਵਜੰਮੇ ਬੱਚੇ ਦਾ ਕੁੱਤਾ ਸਿਰ ਚੁੱਕੀ ਫਿਰਦਾ ਸੀ | ਇਹ ਦੂਜੀ ਘਟਨਾ ਵਾਪਰੀ ਹੈ ਜਦੋਂ ਇਕ ਨਵਜੰਮਿਆ ਬੱਚਾ ਹਸਪਤਾਲ ਦੇ ਬਿਲਕੁਲ ਨੇੜੇ ਮਿਲਿਆ ਹੈ | ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬੱਚਾ ਮਾਂ ਨੇ ਸੁੱਟਿਆ ਹੈ ਜਾਂ ਕਿਸੇ ਹੋਰ ਨੇ ਸੁੱਟਿਆ ਹੈ | ਹਾਲੇ ਇਸ ਮਾਮਲੇ ਦੀ ਸੱਚਾਈ ਸਵਾਲ ਹੀ ਬਣੀ ਹੋਈ ਹੈ |