27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਜੇ. ਪੀ. ਐੱਮ. ਓ. ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ਵਲੋਂ ਐੱਸ. ਡੀ. ਐੱਮ. ਦਫ਼ਤਰ ਅੱਗੇ ਵਿਸ਼ਾਲ ਧਰਨਾ

ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ. ਪੀ.

ਐੱਸ.ਡੀ.ਐੱਮ. ਦਫਤਰ ਮੂਹਰੇ ਲਗਾਏ ਧਰਨੇ ਦੌਰਾਨ ਕੌਮੀ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਸੰਬੋਧਨ ਕਰਦੇ ਹੋਏ। ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ 27-09-2026
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ. ਪੀ. ਐੱਮ. ਓ.) ਦੀ ਅਗਵਾਈ ਹੇਠ ਪਿੰਡ ਨਾਸਰ ਤੇ ਚੱਕ ਡੋਗਰਾਂ ਦੇ ਛੱਪੜਾਂ, ਮੁਰੱਬਾਬੰਦੀ ਦੌਰਾਨ ਰੂੜੀ-ਕੂੜਾ ਕਰਕਟ ਸੁੱਟਣ ਲਈ ਅਲਾਟ ਕੀਤੇ ਪਲਾਟਾਂ ਦੀ ਵਰਤੋਂ ਯਕੀਨੀ ਬਣਾਉਣ ਅਤੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕਰਨ ਦੀਆਂ ਮੰਗਾਂ ਨੂੰ ਲੈ ਕੇ ਅੱਜ ਸੈਂਕੜੇ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਵਲੋਂ ਐੱਸ. ਡੀ. ਐੱਮ. ਅਜਨਾਲਾ ਦੇ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੌਰਾਨ ਧਰਨਾਕਾਰੀਆਂ ਨੇ ਪੰਜਾਬ ਤੇ ਕੇਂਦਰ ਸਰਕਾਰਾਂ ਸਮੇਤ ਸਿਵਲ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਦੀ ਪ੍ਰਧਾਨਗੀ ਮਨਜੀਤ ਕੌਰ ਚੱਕ ਡੋਗਰਾਂ ਅਤੇ ਥੋਮਸ ਪਾਸਟਰ ਨਾਸਰ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਅਤੇ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਮੁਰੱਬਾਬੰਦੀ ਸਮੇਂ ਹਰੇਕ ਪਿੰਡ ਵਿਚ ਲੋੜ ਅਨੁਸਾਰ ਛੱਪੜਾਂ ਲਈ ਜਗ੍ਹਾ ਅਤੇ ਬੇਜ਼ਮੀਨੇ ਲੋਕਾਂ ਵਲੋਂ ਰੂੜੀ ਤੇ ਕੂੜਾ-ਕਰਕਟ ਸੁੱਟਣ ਲਈ ਪਿੰਡ ਦੀ ਫਿਰਨੀ ਨੇੜੇ ਪਲਾਟ ਅਲਾਟ ਕੀਤੇ ਗਏ ਸਨ, ਪਰ ਕੁਝ ਪਿੰਡਾਂ ਨੂੰ ਛੱਡ ਕੇ ਤਹਿਸੀਲ ਅਜਨਾਲਾ ਦੇ ਜ਼ਿਆਦਾਤਰ ਪਿੰਡਾਂ ਵਿਚ ਇਨ੍ਹਾਂ ਦੀ ਵਰਤੋਂ ਯਕੀਨੀ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਗਰੀਬ ਲੋਕਾਂ ਨੂੰ ਘਰ ਬਣਾਉਣ ਲਈ ਪਲਾਟ ਅਲਾਟ ਕਰਵਾਉਣ ਵਾਸਤੇ ਦਿਹਾਤੀ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ 5-5 ਮਰਲੇ ਦੇ ਪਲਾਟ ਅਲਾਟ ਕਰਨ ਸੰਬੰਧੀ ਪਿੰਡਾਂ ਦੇ ਸਰਪੰਚਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ, ਪਰ ਅਮਲ ਨਾ ਹੋਣ ਕਾਰਨ ਲੋੜਵੰਦ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਨੇ ਕਿਹਾ ਕਿ ਪਿੰਡ ਡੱਲਾ ਰਾਜਪੂਤਾਂ (ਪੱਕਾ ਡੱਲਾ) ਵਿਚ ਛੱਪੜ ਨਾ ਹੋਣ ਕਾਰਨ ਮੀਂਹ ਦਾ ਪਾਣੀ ਗਲੀਆਂ ਵਿਚ ਖੜ੍ਹਾ ਰਹਿੰਦਾ ਸੀ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸੰਘਰਸ਼ ਕਰਦਿਆਂ ਛੱਪੜ ਬਣਵਾਇਆ ਹੈ। ਇਸ ਮੌਕੇ ਸੀਨੀਅਰ ਕਿਸਾਨ ਆਗੂ ਬਲਤੇਜ ਸਿੰਘ ਦਿਆਲਪੁਰਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਤਪਾਲ ਸਿੰਘ ਸਾਰੰਗਦੇਵ ਤੇ ਔਰਤ ਮੁਕਤੀ ਮੋਰਚਾ ਦੀ ਆਗੂ ਕੁਲਵੰਤ ਕੌਰ ਚੱਕ ਡੋਗਰਾਂ ਨੇ ਕਿਹਾ ਕਿ ਪਿੰਡ ਨਾਸਰ ਵਿਚ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਥੋੜੀ ਜਿਹੀ ਬਾਰਿਸ਼ ਨਾਲ ਹੀ ਪਾਣੀ ਗਲੀਆਂ ਤੇ ਗਰੀਬ ਪਰਿਵਾਰਾਂ ਦੇ ਘਰਾਂ ਵਿਚ ਦਾਖ਼ਲ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਾਸਰ ਵਿਚ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਇਆ ਜਾਵੇ ਅਤੇ ਚੱਕ ਡੋਗਰਾਂ ਵਿਚ ਛੱਪੜ ਬਣਾਉਣ ਦਾ ਪ੍ਰਬੰਧ ਕੀਤਾ ਜਾਵੇ। ਇਸੇ ਦੌਰਾਨ ਘੋਨੇਵਾਲਾ ਦੀ ਮੁਆਵਜ਼ਾ ਪ੍ਰਾਪਤੀ ਕਮੇਟੀ ਵਲੋਂ ਕਿਸਾਨ ਆਗੂ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਰੀਬ 84 ਕਿਸਾਨਾਂ ਨੂੰ ਲਗਪਗ 18 ਲੱਖ ਰੁਪਏ ਦੀ ਬਣਦੀ ਮੁਆਵਜ਼ਾ ਰਾਸ਼ੀ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ। ਧਰਨੇ ਨੂੰ ਜਤਿੰਦਰ ਸਿੰਘ ਮਾਨਾਂਵਾਲਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਲਵ ਸਿੰਘ, ਲਵਲੀ ਸਿੰਘ ਨਾਸਰ, ਗੌਰਵ ਸਿੰਘ ਸਾਰੰਗਦੇਵ ਛੰਨਾ, ਅਵਤਾਰ ਸਿੰਘ ਘੋਨੇਵਾਲਾ, ਰਾਜਮਹਿੰਦਰ ਸਿੰਘ ਮੋਹਣ ਭੰਡਾਰੀਆ, ਰਾਣੀ ਕੌਰ ਚੱਕ ਡੋਗਰਾਂ, ਗੁਰਦੀਪ ਕੌਰ ਭਿੰਡੀ ਸੈਦਾਂ, ਜਸਕਰਨ ਸਿੰਘ ਅਤੇ ਗੁਰਨੂਰ ਸਿੰਘ ਦਿਆਲਪੁਰਾ, ਬਲਜੀਤ ਸਿੰਘ ਭਿੰਡੀ ਸੈਦਾਂ ਆਦਿ ਨੇ ਵੀ ਸੰਬੋਧਨ ਕੀਤਾ। ਐਸ. ਡੀ. ਐਮ. ਅਜਨਾਲਾ ਦੀ ਗੈਰ-ਹਾਜ਼ਰੀ ਵਿਚ ਤਹਿਸੀਲਦਾਰ ਅਜਨਾਲਾ ਧਰਨੇ ਵਿਚ ਪਹੁੰਚੇ ਤੇ ਉਹਨਾਂ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। 25 ਏਐੱਸਆਰ83
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਸਿੱਖੀ ਦੇ ਮੂਲ ਸਿਧਾਂਤ ਨਾਲ ਜੁੜੇ ਅਤੇ ਕੇਸਾਂ ਦੀ ਸੰਭਾਲ ਕਰੇ : ਜਥੇ. ਗੜਗੱਜ ਅਗਲੀ ਖ਼ਬਰ ਗਮਾਡਾ ਦੀ ਜਾਂਚ ਨੇ ਮਾਨ ਸਰਕਾਰ ਦੇ ਫ਼ੈਸਲਿਆਂ ’ਤੇ ਖੜ੍ਹੇ ਕੀਤੇ ਸਵਾਲ–ਪ੍ਰਗਟ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।