ਅਜਨਾਲਾ, 7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਜਲੰਧਰ ਵਿਚ ਬੀ. ਐੱਸ. ਐੱਫ. ਹੈਡਕੁਆਰਟਰ ਤੇ ਆਰਮੀ ਕੈਂਟ ਖਾਸਾ (ਅੰਮਿ੍ਤਸਰ) ਦੇ ਬਾਹਰ ਹੋਏ ਧਮਾਕਿਆਂ ਨੂੰ ਲੈ ਕੇ ਜਿੱਥੇ ਲੋਕ ਡਰ ਅਤੇ ਦਹਿਸ਼ਤ ਦੇ ਮਾਹੌਲ ਵਿਚ ਹਨ, ਉੱਥੇ ਹੀ ਇਨ੍ਹਾਂ ਧਮਾਕਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਕਾਫ਼ੀ ਗਰਮਾਹਟ ਆ ਗਈ ਹੈ | ਅਜਨਾਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਉਪਰੰਤ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇਨ੍ਹਾਂ ਧਮਾਕਿਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ | ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ ਤੋਂ ਪਾਰ ਹੋਣ ਵਾਲੀ ਤਸਕਰੀ, ਦੇਸ਼ ਦੀ ਸੁਰੱਖਿਆ ਅਤੇ ਹੋਰਨਾਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਬੀ.ਐੱਸ.ਐੱਫ. ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ | ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਅਕਤੂਬਰ 2021 ਵਿਚ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੰਜਾਬ, ਪੱਛਮੀ ਬੰਗਾਲ ਤੇ ਆਸਾਮ ਵਿਚ ਬੀ.ਐੱਸ.ਐੱਫ. ਦੇ ਕੰਮਕਾਜ ਦਾ ਦਾਇਰਾ ਸਰਹੱਦ ਤੋਂ 50 ਕਿੱਲੋਮੀਟਰ ਤੱਕ ਦਾ ਕਰ ਦਿੱਤਾ ਸੀ ਤੇ ਬੀ.ਐੱਸ.ਐੱਫ. ਨੂੰ ਕਿਸੇ ਵੀ ਵਿਅਕਤੀ ਦੀ ਤਲਾਸ਼ੀ, ਜ਼ਬਤੀ ਕਰਨ ਅਤੇ ਗਿ੍ਫ਼ਤਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਈ ਵਾਰ ਮਿਲ ਕੇ ਸਰਹੱਦ ਤੇ ਐਂਟੀ ਡਰੋਨ ਸਿਸਟਮ ਲਗਾਉਣ ਦੀ ਮੰਗ ਕੀਤੀ ਗਈ ਸੀ, ਪਰ ਕੇਂਦਰ ਵਲੋਂ ਇਹ ਸਿਸਟਮ ਨਹੀਂ ਲਗਾਇਆ | ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਖ਼ਾਸਕਰ ਸਰਹੱਦੀ ਖੇਤਰ ਮਾਝੇ ਦੀ ਬਰਬਾਦੀ ਕਰਨ ਦਾ ਪਲਾਨ ਤਿਆਰ ਕੀਤਾ ਹੈ, ਪਰ ਮਝੈਲਾਂ ਨੂੰ ਭਾਜਪਾ ਦੇ ਵਿਰੁੱਧ ਸਾਵਧਾਨ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' 2027 ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੇਤੂ ਰੱਥ ਨੂੰ ਰੋਕੇਗੀ | ਇਸ ਮੌਕੇ ਓ.ਐੱਸ.ਡੀ. ਚਰਨਜੀਤ ਸਿੰਘ ਸਿੱਧੂ, 'ਆਪ' ਸ਼ਹਿਰੀ ਪ੍ਰਧਾਨ ਅਮਿਤ ਔਲ, ਚੇਅਰਮੈਨ ਪਿ੍ਥੀਪਾਲ ਸਿੰਘ ਘੋਨੇਵਾਲਾ, ਗੋਰਾ ਸੱਗੂ ਤੇ ਰਛਪਾਲ ਸਿੰਘ ਕੋਟਲਾ ਆਦਿ ਹਾਜ਼ਰ ਸਨ |