ਅਜਨਾਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਪੰਚਾਇਤ ਅਜਨਾਲਾ ਦੇ ਹਾਊਸ ਦੀ ਮਿਆਦ ਪੂਰੀ ਹੋਣ ਉਪਰੰਤ ਕਾਰਜ ਸਾਧਕ ਅਫ਼ਸਰ ਦਿਨੇਸ਼ ਸੂਰੀ ਦੀ ਅਗਵਾਈ ਹੇਠ ਕਰਵਾਏ ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਆਪਣੇ ਕਾਰਜਕਾਲ ਦੌਰਾਨ ਦਫਤਰੀ ਸਟਾਫ਼ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਪਰੰਤ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਬਤੌਰ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸ਼ਹਿਰ 'ਚ ਕੀਤੇ ਕੰਮਾਂ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਨ੍ਹਾਂ ਤੇ ਭਰੋਸਾ ਕਰਕੇ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਲਗਭਗ 10 ਕਰੋੜ ਰੁਪਏ ਤੋਂ ਵੱਧ ਦੇ ਕੰਮ ਕਰਵਾ ਕੇ ਅਜਨਾਲਾ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ | ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਅੱਗੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਕੰਮ ਕਰਦੇ 29 ਸਫ਼ਾਈ ਸੇਵਕਾਂ ਨੂੰ ਨਗਰ ਪੰਚਾਇਤ ਅਜਨਾਲਾ ਦੇ ਘੇਰੇ ਵਿਚ ਲਿਆ ਕੇ ਕੰਟਰੈਕਟ ਬੇਸ ਤੇ ਨਿਰਪੱਖ ਅਧਾਰ ਤੇ ਭਰਤੀ ਕੀਤਾ ਗਿਆ, ਅਜਨਾਲਾ ਸ਼ਹਿਰ ਅੰਦਰ ਨਵੇਂ ਟਰਾਂਸਫਾਰਮਰ ਲਗਾਏ ਗਏ ਅਤੇ ਪੁਰਾਣੀਆਂ ਤਾਰਾਂ ਦੇ ਜਾਲ ਨੂੰ ਖ਼ਤਮ ਕਰਕੇ ਹਾਈ ਵੋਲਟੇਜ ਕੇਬਲਾਂ ਪਾਈਆਂ ਗਈਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਅੰਦਰ ਹਾਈ ਮਾਸਕ ਲਾਈਟਾਂ ਅਤੇ ਲੋਕਾਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਵੀ ਅੰਤਿਮ ਪੜਾਅ 'ਤੇ ਹੈ | ਇਸ ਮੌਕੇ ਲੇਖਾਕਾਰ ਰਾਜੇਸ਼ ਤ੍ਰੇਹਨ, ਹਰਜਿੰਦਰ ਸਿੰਘ ਭੱਖਾ, ਦਵਿੰਦਰ ਠਾਕੁਰ, ਪ੍ਰਦੀਪ ਤ੍ਰੇਹਨ, ਕੁਲਦੀਪ ਕੁਮਾਰ, ਰਣਧੀਰ ਰਾਮਪਾਲ, ਨਵਦੀਪ ਸਿੰਘ ਰਾਜੀਆਂ, ਕੁਲਵਿੰਦਰ ਸਿੰਘ, ਰਮਨਦੀਪ ਕੌਰ ਅਤੇ ਰਾਜੀਵ ਕੁਮਾਰ ਆਦਿ ਹਾਜ਼ਰ ਸਨ |