ਜੰਡਿਆਲਾ ਗੁਰੂ, 26 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਥਾਣਾ ਜੰਡਿਆਲਾ ਗੁਰੂ ਦੇ ਪਿੰਡ ਠੱਠੀਆਂ ਦੇ ਵਸਨੀਕ ਸੁਖਜਿੰਦਰ ਸਿੰਘ ਜਿਸ ਨੂੰ ਬੀਤੇ ਦਿਨੀਂ ਰਾਤ ਸਮੇਂ ਮੋਟਰਸਾਈਕਲ 'ਤੇ ਆਪਣੇ ਘਰ ਨੂੰ ਜਾਂਦੇ ਸਮੇਂ ਪਿੱਛੇ ਤੋਂ ਆ ਰਹੇ ਇਕ ਤੇਜ਼ ਰਫਤਾਰ ਵਾਹਨ ਵਲੋਂ ਜ਼ੋਰਦਾਰ ਟੱਕਰ ਮਾਰਨ ਕਰਕੇ ਗੰਭੀਰ ਫੱਟੜ ਹੋਣ ਉਪਰੰਤ ਮੌਤ ਹੋ ਗਈ ਸੀ ਦੇ ਵਾਰਿਸਾਂ ਨੇ ਥਾਣਾ ਜੰਡਿਆਲਾ ਗੁਰੂ ਵਿਖੇ ਸ਼ਿਕਾਇਤ ਦੇ ਕੇ ਉਪਰੋਕਤ ਵਾਹਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ | ਸੜਕ ਹਾਦਸੇ ਵਿਚ ਮਾਰੇ ਗਏ ਮਿ੍ਤਕ ਸੁਖਜਿੰਦਰ ਸਿੰਘ ਵਾਸੀ ਪਿੰਡ ਠੱਠੀਆਂ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਬੀਤੇ ਦਿਨੀਂ ਜਦੋਂ ਜੰਡਿਆਲਾ ਗੁਰੂ ਤੋਂ ਪਲਸਰ ਮੋਟਰਸਾਈਕਲ ਨੰਬਰ ਪੀ ਬੀ 02 ਸੀ. ਕੇ. 2237 'ਤੇ ਸਵਾਰ ਹੋ ਕੇ ਆਪਣੇ ਘਰ ਪਿੰਡ ਠੱਠੀਆਂ ਨੂੰ ਆ ਰਹੇ ਸਨ ਤਾਂ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਜੰਡਿਆਲਾ ਗੁਰੂ ਤਰਨ ਤਾਰਨ ਰੋਡ ਤੇ ਪਿੰਡ ਜਾਣੀਆਂ ਨੇੜੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਉਸ ਦੇ ਪਤੀ ਗੰਭੀਰ ਹਾਲਤ ਵਿਚ ਫੱਟੜ ਹੋ ਗਏ ਜਿਨ੍ਹਾਂ ਨੂੰ ਲੋਕਾਂ ਵਲੋਂ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਨ੍ਹਾਂ ਦੀ ਮੌਤ ਹੋ ਗਈ | ਮਿ੍ਤਕ ਸੁਖਜਿੰਦਰ ਸਿੰਘ ਠੱਠੀਆਂ ਦੀ ਪਤਨੀ ਕੁਲਵੰਤ ਕੌਰ ਜਿਸ ਦੇ ਦੋ ਛੋਟੇ ਬੱਚੇ ਹਨ ਅਤੇ ਉਹ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਹੈ, ਨੇ ਅਤੇ ਪਿੰਡ ਠੱਠੀਆਂ ਦੀ ਪੰਚਾਇਤ ਵਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਉਕਤ ਵਾਹਨ ਚਾਲਕ ਦਾ ਪਤਾ ਕਰਕੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ |