ਮਜੀਠਾ, 19 ਫਰਵਰੀ (ਜਗਤਾਰ ਸਿੰਘ ਸਹਿਮੀ)-ਜਮਹੂਰੀ ਕਿਸਾਨ ਸਭਾ ਪੰਜਾਬ ਦੀ ਏਰੀਆ ਕਮੇਟੀ ਮਜੀਠਾ ਵਲੋਂ ਰਣਬੀਰ ਸਿੰਘ ਮਜੀਠਾ ਅਤੇ ਸੁੱਚਾ ਸਿੰਘ ਵਿੱਗੇਵਾਲ ਨੇ ਸਾਂਝੀ ਅਗਵਾਈ ਵਿਚ ਮਜੀਠਾ ਵਿਖੇ ਵਿਸ਼ੇਸ਼ ਇਕੱਤਰਤਾ ਅਯੋਜਿਤ ਕੀਤੀ ਗਈ, ਜਿਸ ਨੂੰ ਸੂਬਾ ਆਗੂ ਰਤਨ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜੋਖਮਾਂ ਨਾਲ ਭਰਿਆ ਹੋਇਆ ਹੈ | ਇਸ ਲਈ ਉਨ੍ਹਾਂ ਲੋਕਾਂ ਨੂੰ ਜਾਗਰੂਕ ਹੋ ਕੇ ਆਪਣੇ ਹੱਕਾਂ ਲਈ ਲੜਨ ਦੀ ਅਪੀਲ ਕੀਤੀ | ਮਾਸਟਰ ਹਰਭਜਨ ਸਿੰਘ ਟਰਪਈ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਸਰਕਾਰ ਵਲੋਂ ਨਾਜਾਇਜ਼ ਤੌਰ 'ਤੇ ਜੇਲ੍ਹਾਂ ਵਿਚ ਬੰਦ ਕੀਤੇ ਗਏ ਸਾਰੇ ਪੰਜਾਬੀ ਅਤੇ ਬੰਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ | ਖਾਸ ਕਰਕੇ ਬੰਦੀ ਸਿੰਘਾਂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਨੂੰ ਤੁਰੰਤ ਰਿਹਾਈ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਮਨਰੇਗਾ ਦਾ ਨਾਂ ਬਦਲ ਕੇ ਝੂਠ ਬੋਲਿਆ ਜਾ ਰਿਹਾ ਹੈ ਅਤੇ 90 ਫੀਸਦੀ ਕੇਂਦਰੀ ਹਿੱਸੇ ਨੂੰ ਘਟਾ ਕੇ 60-40 ਕਰ ਦਿੱਤਾ ਗਿਆ ਹੈ | ਸੂਬੇ ਪਹਿਲਾਂ ਹੀ ਕਰਜਾਈ ਹਨ, ਉਹ ਆਪਣਾ ਹਿੱਸਾ ਨਹੀਂ ਪਾ ਸਕਣਗੇ ਅਤੇ ਸਕੀਮ ਖਤਮ ਹੋ ਜਾਵੇਗੀ, ਜਿਸ ਨਾਲ ਦੇਸ਼ ਦੇ ਕਰੋੜਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ਖਤਰੇ ਵਿਚ ਪੈ ਜਾਵੇਗੀ | ਟਰਪਈ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਨੂੰ ਖਤਮ ਕਰਨ ਲਈ ਬੀਜ ਬਿੱਲ ਅਤੇ ਬਿਜਲੀ (ਸੋਧ) ਬਿੱਲ 2025 ਲਿਆ ਰਹੀ ਹੈ, ਜੋ ਕਿਸਾਨਾਂ ਤੋਂ ਇਲਾਵਾ ਆਮ ਲੋਕਾਂ ਲਈ ਵੀ ਘਾਤਕ ਸਾਬਤ ਹੋਣਗੇ | ਉਨ੍ਹਾਂ ਮੋਦੀ-ਟਰੰਪ ਸਮਝੌਤੇ ਨੂੰ ਵੀ ਬੇਰੁਜ਼ਗਾਰੀ ਵਧਾਉਣ ਵਾਲਾ ਦੱਸਿਆ ਤੇ ਇਸ ਸੰਬੰਧੀ ਪਾਰਲੀਮੈਂਟ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ | ਜੇਕਰ ਅਨਾਜ, ਤੇਲ, ਡੇਅਰੀ ਅਤੇ ਕਪਾਹ ਵਰਗੀਆਂ ਚੀਜ਼ਾਂ ਬਾਹਰੋਂ ਆ ਗਈਆਂ ਤਾਂ ਭਾਰਤੀ ਖੇਤੀ ਅਤੇ ਉਦਯੋਗ ਬਰਬਾਦ ਹੋ ਜਾਵੇਗਾ | ਇਨ੍ਹਾਂ ਮੰਗਾਂ ਨੂੰ ਲੈ ਕੇ 22 ਫਰਵਰੀ 2026 ਨੂੰ ਪੰਜਾਬ ਵਿਚ ਭਾਜਪਾ ਦਫਤਰਾਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ | ਇਸ ਤੋਂ ਇਲਾਵਾ 26 ਫਰਵਰੀ 2026 ਨੂੰ ਚੰਡੀਗੜ੍ਹ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ ਤਾਂ ਜੋ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ | ਅਖੀਰ ਵਿਚ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗਿਣਤੀ ਵਿਚ ਰੈਲੀ ਵਿਚ ਸ਼ਾਮਿਲ ਹੋ ਕੇ ਇਸ ਨੂੰ ਸਫਲ ਬਣਾਇਆ ਜਾਵੇ | ਇਸ ਮੌਕੇ ਰਵਿੰਦਰ ਸਿੰਘ, ਹਰਪਾਲ ਸਿੰਘ, ਕਾਰਜ ਸਿੰਘ ਮਜੀਠਾ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ ਟਰਪਈ, ਜੈਮਲ ਸਿੰਘ, ਲਖਵਿੰਦਰ ਸਿੰਘ ਕਲੇਰ ਮਾਂਗਟ, ਮਾਣ ਸਿੰਘ, ਕਰਮ ਸਿੰਘ, ਅਜਾਇਬ ਸਿੰਘ, ਬਲਜੀਤ ਸਿੰਘ, ਰਘਬੀਰ ਸਿੰਘ, ਕੁਲਜੀਤ ਸਿੰਘ ਸਮੇਤ ਹੋਰ ਬਹੁਤ ਸਾਰੇ ਕਿਸਾਨ ਆਗੂ ਹਾਜ਼ਰ ਸਨ |