ਮਜੀਠਾ, 19 ਫਰਵਰੀ (ਜਗਤਾਰ ਸਿੋਂਘ ਸਹਿਮੀ)-ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਪ੍ਰਮਾਇਤ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗਕਲਾਂ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਕੀਤੀ ਗਈ | ਡਾ. ਬਿਕਰਮਜੀਤ ਸਿੰਘ, ਸਹਿਯੋਗੀ ਨਿਰਦੇਸ਼ਕ, ਕੇ. ਵੀ. ਕੇ. ਅੰਮਿ੍ਤਸਰ ਨੇ ਆਏ ਹੋਏ ਮਹਿਮਾਨਾਂ ਨੂੰ ਕੇਂਦਰ ਦੀਆਂ ਪ੍ਰਦਰਸ਼ਨੀ ਪਲਾਟਾਂ ਅਤੇ ਯੂਨਿਟ ਦਾ ਦੌਰਾ ਕਰਵਾਇਆ | ਇਸ ਮੌਕੇ ਵੱਖ-ਵੱਖ ਵਿਭਾਗ ਦੇ ਮੁਖੀਆਂ ਅਤੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਵੀ ਭਾਗ ਲਿਆ | ਮੀਟਿੰਗ ਦੀ ਸ਼ੁਰੂਆਤ ਡਾ. ਰਮਿੰਦਰ ਕੌਰ ਪ੍ਰੋਫੈਸਰ ਕੇ. ਵੀ. ਕੇ. ਅੰਮਿ੍ਤਸਰ ਨੇ ਆਪਣੇ ਸਵਾਗਤੀ ਭਾਸ਼ਣ ਨਾਲ ਕੀਤੀ | ਇਸ ਮੌਕੇ ਡਾ. ਬਿਕਰਮਜੀਤ ਸਿੰਘ, ਸਰਾਸ਼ੀ ਨਿਰਦੇਸ਼ਕ ਸਿਖਲਾਈ), ਕੇ.ਵੀ.ਕੇ. ਅੰਮਿ੍ਤਸਰ ਵਲੋਂ 2025 ਦੀ ਪ੍ਰਗਤੀ ਅਤੇ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ | ਇਸ ਦੌਰਾਨ ਉਨ੍ਹਾਂ ਕੇ. ਵੀ. ਕੇ. ਨਾਗਕਲਾਂ ਵਲੋਂ ਲਗਾਏ ਸਿਖਲਾਈ ਕੋਰਸ, ਖੇਤੀ ਤਜਰਬਿਆਂ ਅਤੇ ਪ੍ਰਦਰਸ਼ਨੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਉਪਰੰਤ ਆਉਣ ਵਾਲੇ ਸਾਲ 2026-27 ਦੀ ਸਿਖਲਾਈਨਾਮਾ ਵਿਉਂਤਬੰਦੀ ਸਾਰੇ ਹਾਊਸ ਨਾਲ ਸਾਂਝਾ ਕੀਤਾ ਗਿਆ | ਡਾ. ਮੱਖਣ ਸਿੰਘ ਭੁੱਲਰ ਵਲੋਂ ਸਬੰਧਿਤ ਵਿਭਾਗਾਂ ਦੇ ਸਹਿਯੋਗ ਨਾਲ ਕਾਰਜ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਲਈ ਵਡਮੁੱਲੇ ਸੁਝਾਅ ਮੰਗੇ ਗਏ, ਜਿਸ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਅਗਾਂਹਵਧੂ ਕਿਸਾਨਾਂ ਵਲੋਂ ਅਗਲੇ ਸਾਲ ਦੀ ਕਾਰਜ ਯੋਜਨਾ ਬਣਾਉਣ ਲਈ ਮਹੱਤਵਪੂਰਨ ਸੁਝਾਅ ਦਿੱਤੇ ਗਏ | ਡਾ. ਭੁੱਲਰ ਨੇ ਸ਼ਹਿਦ ਉਤਪਾਦਨ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ ਅਤੇ ਹੋਰ ਖੇਤੀ ਸਹਾਇਕ ਧੰਦਿਆਂ ਉੱਤੇ ਵਧੇਰੇ ਜ਼ੋਰ ਦੇਣ ਨੂੰ ਕਿਹਾ ਤਾਂ ਜੋ ਕਿਸਾਨ ਵਧੇਰੇ ਮੁਨਾਫਾ ਕਮਾ ਸਕਣ | ਉਨ੍ਹਾਂ ਜੈਵਿਕ ਖੇਤੀ ਨੂੰ ਅਪਣਾਉਣ ਅਤੇ ਕੀਟਨਾਸ਼ਕ ਨਦੀਨ ਨਾਸ਼ਕਾਂ ਦੀ ਵਧੇਰੇ ਵਰਤੋਂ ਨੂੰ ਰੋਕਣ ਲਈ ਇੱਕ ਦੂਜੇ ਦਾ ਸਾਥ ਦੇਣ ਲਈ ਕਿਹਾ | ਉਨ੍ਹਾਂ ਅੱਗੇ ਸੁਝਾਅ ਦਿੱਤਾ ਕਿ ਸਪਰੇਅ ਤਕਨੀਕ ਖਾਦਾਂ ਦੀ ਸਹੀ ਵਰਤੋਂ ਤੇ ਵੱਧ ਤੋਂ ਵੱਧ ਪ੍ਰਦਰਸ਼ਨੀਆਂ ਲਗਾਈਆਂ ਜਾਣ ਅਤੇ ਕਿਸਾਨਾਂ ਨੂੰ ਸਹੀ ਮਾਤਰਾ ਵਿਚ ਖਾਦ ਅਤੇ ਦਵਾਈਆਂ ਵਰਤਣ ਲਈ ਪ੍ਰੇਰਿਤ ਕੀਤਾ ਜਾਵੇ | ਅਗਾਂਹਵਧੂ ਕਿਸਾਨ ਸਬੇਗ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਸਿੰਘ, ਗੁਰਪਾਲ ਸਿੰਘ ਅਤੇ ਹੋਰਾਂ ਨੇ ਖੇਤੀਬਾੜੀ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ | ਮੁੱਖ ਮਹਿਮਾਨ ਅਤੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਡੇਅਰੀ ਵਿਕਾਸ ਵਿਭਾਗ, ਬਾਗਬਾਨੀ ਵਿਭਾਗ, ਪਸ਼ੂ ਪਾਲਣ ਵਿਭਾਗ, ਇਫਕੇ, ਪੰਜਾਬ ਐਗਰੋ ਆਦਿ ਦੇ ਨੁੰਮਾਇੰਦਿਆਂ ਨੇ ਵੱਖ-ਵੱਖ ਪ੍ਰਦਰਸ਼ਨੀ ਯੂਨਿਟ ਦਾ ਦੌਰਾ ਕੀਤਾ ਅਤੇ ਕੇ.ਵੀ.ਕੇ. ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ | ਪ੍ਰੋਗਰਾਮ ਦੀ ਸਮਾਪਤੀ ਸਮੇਂ ਡਾ. ਪਰਵਿੰਦਰ ਸਿੰਘ, ਮੁਖੀ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਨੇ ਮੀਟਿੰਗ ਵਿਚ ਸ਼ਾਮਿਲ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੇ. ਵੀ. ਕੇ. ਅੰਮਿ੍ਤਸਰ ਵਲੋਂ ਪ੍ਰਕਾਸ਼ਿਤ ਨਿਊਜ਼ ਬੁਲੇਟਿਨ ਵੀ ਰਿਲੀਜ਼ ਕੀਤਾ ਗਿਆ |