ਅਟਾਰੀ ਸਰਹੱਦ, 22 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਗਣਤੰਤਰ ਦਿਵਸ ਦੇ ਜਸ਼ਨਾਂ ਦੇ ਪੂਰਵਗਾਮੀ ਵਜੋਂ 25 ਜਨਵਰੀ ਨੂੰ ਅਟਾਰੀ ਸਰਹੱਦ 'ਤੇ ਬੀ.ਐਸ.ਐਫ. ਕਰਮਚਾਰੀਆਂ ਨਾਲ ਫਿੱਟ ਇੰਡੀਆ ਐਤਵਾਰ ਸਾਈਕਲ 'ਤੇ ਇੱਕ ਵਿਸ਼ੇਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਵਿਚ ਪਹਿਲੀ ਵਾਰ ਵੋਟਰਾਂ ਨਾਲ ਵੋਟਰ ਦਿਵਸ ਵੀ ਮਨਾਇਆ ਜਾਵੇਗਾ | ਭਾਰਤ ਦੀ ਅਟਾਰੀ ਸਰਹੱਦ 'ਤੇ ਇਸ ਪ੍ਰੋਗਰਾਮ ਵਿਚ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਨਿਖਿਲ ਕਡਸੇ, ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ, ਅਦਾਕਾਰਾ ਰਾਣੀ ਮੁਖਰਜੀ ਅਤੇ ਬੀਐਸਐਫ ਦੀਆਂ ਮਹਿਲਾ ਕਰਮਚਾਰੀ ਮਹਿਲਾ ਸ਼ਕਤੀ ਨੂੰ ਉਤਸ਼ਾਹਿਤ ਕਰਨ ਲਈ ਸਾਈਕਲ ਚਲਾਉਣਗੀਆਂ | ਇਸ ਪ੍ਰੋਗਰਾਮ ਵਿਚ ਫਿਲਮ ਅਦਾਕਾਰ ਵਿਵੇਕ ਦਹੀਆ ਅਤੇ ਰਾਗਿਨੀ ਦਿਵੇਦੀ ਵੀ ਮੌਜੂਦ ਰਹਿਣਗੇ, ਜੋ ਬੀਐਸਐਫ ਜਵਾਨਾਂ ਨਾਲ ਸਾਈਕਲ ਚਲਾਉਣਗੀਆਂ ਤੇ ਅਟਾਰੀ ਸਰਹੱਦ 'ਤੇ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚਣ ਵਾਲੇ ਹਜ਼ਾਰਾਂ ਦਰਸ਼ਕਾਂ ਦਾ ਭਾਰਤੀ ਫਿਲਮੀ ਸਿਤਾਰੇ ਭਰਪੂਰ ਮਨੋਰੰਜਨ ਕਰਨਗੇ, ਜਿਸ ਦਾ ਭਾਰਤ ਦੇ ਸੈਲਾਨੀਆਂ ਨੂੰ ਬੀਐਸਐਫ ਵਲੋਂ ਖੁੱਲਾ ਸੱਦਾ ਦਿੱਤਾ ਗਿਆ ਹੈ |