ਮਜੀਠਾ, 20 ਜਨਵਰੀ (ਮਨਿੰਦਰ ਸਿੰਘ ਸੋਖੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਜੀਠਾ ਫੇਰੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ ਪਿਛਲੇ ਚਾਰ ਸਾਲਾਂ ਵਿਚ ਸੂਬੇ ਦਾ ਕੋਈ ਵਿਕਾਸ ਨਹੀਂ ਹੋਇਆ ਅਤੇ ਮੁੱਖ ਮੰਤਰੀ ਮਹਿਜ ਸੜਕਾਂ ਦੀ ਮੁਰੰਮਤ ਲਈ ਸਰਕਾਰੀ ਖਰਚੇ 'ਤੇ ਵੱਡੀਆਂ ਰੈਲੀਆਂ ਕਰ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਲਕਾ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਮਜੀਠਾ ਵਿਖੇ ਅਕਾਲੀ ਆਗੂਆਂ ਨਾਲ ਬੈਠਕ ਉਪਰੰਤ ਗੱਲਬਾਤ ਕਰਦਿਆਂ ਕੀਤਾ | ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮਜੀਠਾ ਫੇਰੀ ਦੌਰਾਨ ਕਿਸਾਨ ਆਗੂ ਜਦ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਹੋਈ ਲੁੱਟ, ਕਿਸਾਨਾਂ ਨਾਲ ਕੀਤੇ ਵਾਅਦੇ ਨਾ ਪੂਰਾ ਕਰਕੇ ਮੁੱਖ ਮੰਤਰੀ ਨਾਲ ਸਵਾਲ ਜਵਾਬ ਕਰਨਾ ਚਾਹੁੰਦੇ ਸੀ ਤਾਂ ਕਿਸਾਨ ਆਗੂਆਂ ਦੀਆਂ ਰੈਲੀ ਤੋਂ ਇੱਕ ਦਿਨ ਪਹਿਲਾਂ ਹੀ ਗਿ੍ਫਤਾਰੀਆਂ ਕਰ ਲਈਆਂ ਜਿਸ ਦੇ ਤਹਿਤ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਵੀ ਗਿ੍ਫਤਾਰੀ ਹੋਈ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਸੋਧ ਬਿੱਲ ਦਾ ਕੁਝ ਨਹੀਂ ਕੀਤਾ ਅਤੇ ਨਾ ਹੀ 2023 ਤੇ 2025 ਵਿਚ ਆਏ ਹੜ੍ਹਾਂ ਦਾ ਕਿਸਾਨਾਂ ਨੂੰ ਹੁਣ ਤੱਕ ਮੁਆਵਜ਼ਾ ਦਿੱਤਾ ਜਦ ਕਿ ਵਾਅਦਾ ਤਾਂ ਬੱਕਰੀ ਅਤੇ ਮੁਰਗੀ ਮਰੀ ਦੇ ਪੈਸੇ ਦੇਣ ਦਾ ਸੀ | ਕਿਸਾਨਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ਵਿਚ ਆਏ ਅੱਜ ਕਿਸਾਨਾਂ ਦੀ ਗੱਲ ਸੁਨਣ ਲਈ ਵੀ ਤਿਆਰ ਨਹੀਂ | ਇਸ ਮੌਕੇ ਗਨੀਵ ਕੌਰ ਮਜੀਠੀਆ ਦੇ ਨਾਲ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਾਬਕਾ ਪ੍ਰਧਾਨ ਕੌਂਸਲਰ ਤਰੁਨ ਕੁਮਾਰ ਅਬਰੋਲ, ਅਵਤਾਰ ਸਿੰਘ ਗਿੱਲ, ਦੁਰਗਾ ਦਾਸ, ਬਿੱਲਾ ਸ਼ਾਹ ਆੜ੍ਹਤੀਆ, ਅਜੈ ਚੋਪੜਾ, ਸੋਹਨ ਲਾਲ ਸੋਨੂੰ, ਕੌਸਲਰ ਦਵਿੰਦਰ ਸਿੰਘ, ਨਰੇਸ਼ ਕੁਮਾਰ, ਪ੍ਰਧਾਨ ਧੀਰ ਸਿੰਘ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਆਦਿ ਅਕਾਲੀ ਆਗੂ ਹਾਜ਼ਰ ਸਨ |