ਖਰੜ, 23 ਅਗਸਤ (ਗੁਰਮੁੱਖ ਸਿੰਘ ਮਾਨ)- ਖਰੜ ਦੇ ਵਾ. ਨੰ. 3 ਅਧੀਨ ਪੈਂਦੇ ਸ੍ਰੀ ਗੁਰੂ ਤੇਗ਼ ਬਹਾਦਰ ਨਗਰ ਤੇ ਸੈਕਟਰ-14 ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਸਮੇਂ ਸਿਰ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਸਥਾਨਕ ਵਸਨੀਕਾਂ ਵਲੋਂ ਮੀਟਿੰਗ ਸੱਦੀ ਗਈ, ਜਿਸ ਦੌਰਾਨ ਪਾਣੀ ਦੀ ਸਪਲਾਈ ਸਮੇਂ ਸਿਰ ਨਾ ਮਿਲਣ ਕਾਰਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪਤਵੰਤਿਆਂ ਨੇ ਦੱਸਿਆ ਕਿ ਮੁਹੱਲਾ ਵਾਸੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਐਸ. ਡੀ. ਐਮ. ਖਰੜ ਨੂੰ ਵੀ ਮਿਲੇ ਸਨ, ਜਿਥੇ ਕਿ ਉਨ੍ਹਾਂ ਸਮੇਤ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਪਾਣੀ ਦੀ ਸਮੱਸਿਆ ਨੂੰ ਜਲਦ ਹੱਲ ਕਰਵਾ ਦਿੱਤਾ ਜਾਵੇਗਾ, ਪ੍ਰੰਤੂ ਇਹ ਸਮੱਸਿਆ ਘਟਣ ਦੀ ਬਜਾਏ ਹੋਰ ਗੰਭੀਰ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ‘ਚ ਪਾਣੀ ਦੀ ਸਪਲਾਈ ਸਿਰਫ ਦੋ ਕੁ ਘੰਟੇ ਹੀ ਆਉਂਦਾ ਹੈ ਅਤੇ ਉਸ ਦਾ ਪ੍ਰੈਸ਼ਰ ਵੀ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਕਈ ਵਾਰ ਟੈਂਕਰ ਮੰਗਵਾ ਕੇ ਬੁੱਤਾ ਸਾਰਨਾ ਪੈਂਦਾ ਹੈ। ਉਨ੍ਹਾਂ ਸਥਾਨਕ ਪ੍ਰਸ਼ਾਸਨ ਅਤੇ ਨਗਰ ਕੌਂਸਲ ਖਰੜ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਵਾਇਆ ਜਾਵੇ ਕਿਉਂਕਿ ਗਰਮੀ ਦੇ ਇਸ ਮੌਸਮ ‘ਚ ਪਾਣੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਮੀਟਿੰਗ ਵਿਚ ਸੁਰਮੁੱਖ ਸਿੰਘ, ਐਡਵੋਕੇਟ ਵਿਨੈ ਸ਼ਰਮਾ, ਅਮਰਜੀਤ ਸਿੰਘ, ਮਨਪ੍ਰੀਤ ਗੜਾਂਗ, ਦਰਸ਼ਨ ਸਿੰਘ ਸੈਣੀ, ਕਸ਼ਮੀਰ ਸਿੰਘ, ਜਸ਼ਨਪ੍ਰੀਤ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਕੌਰ, ਸੁਮਨ ਸ਼ਰਮਾ, ਬਿੰਦੂ ਸ਼ਰਮਾ ਤੇ ਅਵਤਾਰ ਸਿੰਘ ਸਮੇਤ ਹੋਰ ਵਸਨੀਕ ਵੀ ਹਾਜ਼ਰ ਸਨ।