ਢੇਰ, 16 ਮਈ (ਸ਼ਿਵ ਕੁਮਾਰ ਕਾਲੀਆ)- ਪਿੰਡ ਮਜਾਰੀ ਦੇ ਪੰਚਾਇਤੀ ਚੋਣਾਂ ਦੇ ਵਿਚ ਨਿਰਵਿਰੋਧ ਪਿੰਡ ਦੀ ਸਰਪੰਚ ਚੁਣੇ ਜਾਣ 'ਤੇ ਅੱਜ ਭੁਪਿੰਦਰ ਕੌਰ ਪਤਨੀ ਹਰਪਾਲ ਸਿੰਘ ਦਾ ਪਿੰਡ ਵਿਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਭੁਪਿੰਦਰ ਕੌਰ ਵਲੋਂ ਸਭ ਤੋਂ ਪਹਿਲਾਂ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਸ਼ਹੀਦੀ ਬਾਗ਼ ਮਜਾਰੀ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ ਗਿਆ ਜਿੱਥੇ ਉਨ੍ਹਾਂ ਦਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜੀਵਨ ਸਿੰਘ ਵਲੋਂ ਸਨਮਾਨ ਕੀਤਾ ਗਿਆ | ਉਪਰੰਤ ਪਿੰਡ ਵਿਚ ਪਹੁੰਚਣ 'ਤੇ ਵੱਖ-ਵੱਖ ਆਗੂਆਂ ਵਲੋਂ ਭੁਪਿੰਦਰ ਕੌਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭੁਪਿੰਦਰ ਕੌਰ ਨੇ ਸਮੂਹ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਨੰਬਰਦਾਰ ਪਰਿਵਾਰ ਜੋ ਕਿ ਕਈ ਦਹਾਕਿਆਂ ਤੋਂ ਪਿੰਡ ਦੀ ਇਹ ਸੇਵਾ ਨਿਭਾ ਰਿਹਾ ਹੈ | ਇਸ ਵਾਰ ਵੀ ਉਹ ਇਹ ਸੇਵਾ ਪੂਰੀ ਇਮਾਨਦਾਰੀ ਤੇ ਸਖ਼ਤ ਮਿਹਨਤ ਨਾਲ ਨਿਭਾਉਣਗੇ | ਜ਼ਿਕਰਯੋਗ ਹੈ ਕਿ ਭੁਪਿੰਦਰ ਕੌਰ ਦੀ ਨਿਰਵਿਰੋਧ ਨਿਯੁਕਤੀ ਪਿੱਛੇ ਪ੍ਰਸਿੱਧ ਐਨ.ਆਰ.ਆਈ. ਸਮਾਜ ਸੇਵੀ ਸਰਦਾਰ ਤਜਿੰਦਰ ਸਿੰਘ ਭੱਠਲ ਕੈਨੇਡਾ, ਸਮਾਜ ਸੇਵੀ ਗੁਰਚਰਨ ਸਿੰਘ, ਨੰਬਰਦਾਰ ਸਵਰਨ ਸਿੰਘ ਤੇ ਸਮੂਹ ਪਿੰਡ ਵਾਸੀਆਂ ਦੀ ਅਹਿਮ ਭੂਮਿਕਾ ਰਹੀ ਹੈ | ਭੁਪਿੰਦਰ ਕੌਰ ਦੇ ਨਿਰਵਿਰੋਧ ਸਰਪੰਚ ਚੁਣੇ ਜਾਣ 'ਤੇ ਸਰਦਾਰ ਤਜਿੰਦਰ ਸਿੰਘ ਭੱਠਲ ਐਨ.ਆਰ.ਆਈ. ਅਤੇ ਸਮੂਹ ਪਿੰਡ ਵਾਸੀਆਂ ਵਲੋਂ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ |