ਸ੍ਰੀ ਚਮਕੌਰ ਸਾਹਿਬ, 16 ਮਈ (ਜਗਮੋਹਣ ਸਿੰਘ ਨਾਰੰਗ)- ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਵਿਖੇ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਨੂੰ ਨਗਰ ਕੌਂਸਲ ਵਲੋਂ ਐਨ. ਓ. ਸੀ. ਜਾਰੀ ਨਾ ਕਰਨ ਦੇ ਦੋਸ਼ ਲਗਾਉਂਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਗਰ ਕੌਂਸਲ ਦੇ ਦਫ਼ਤਰ ਪੁੱਜ ਕੇ ਉਮੀਦਵਾਰਾਂ ਨੂੰ ਐਨ. ਓ. ਸੀ. ਜਾਰੀ ਕਰਵਾਈਆਂ | ਇਸ ਮੌਕੇ ਗੱਲਬਾਤ ਕਰਦਿਆਂ ਸ: ਚੰਨੀ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਸਰਕਾਰ ਦੀ ਸ਼ਹਿ 'ਤੇ ਐਨ. ਓ. ਸੀ. ਜਾਰੀ ਕਰਨ ਵਿਚ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਕਾਰਨ ਅੱਜ ਨਾਮਜ਼ਦਗੀ ਦਾਖਲ ਕਰਨ ਦੇ ਆਖ਼ਰੀ ਦਿਨ ਉਨ੍ਹਾਂ ਆਪਣੇ ਸਮਰਥਕਾਂ ਸਮੇਤ ਜਦੋਂ ਨਗਰ ਕੌਂਸਲ ਦੇ ਦਫ਼ਤਰ ਪੁੱਜ ਕੇ ਈ. ਓ. ਅਤੇ ਹੋਰਨਾਂ ਨੂੰ ਜਵਾਬਦੇਹ ਬਣਾਇਆ ਅਤੇ ਕਿਹਾ ਕਿ ਜੇਕਰ ਸਮੇਂ ਤੋਂ ਪਹਿਲਾਂ ਐਨ.ਓ. ਸੀ. ਜਾਰੀ ਨਾ ਕੀਤੀਆਂ ਤਾਂ ਉਹ ਇੱਥੇ ਹੀ ਧਰਨਾ ਦੇਣਗੇ, ਉਸ ਤੋਂ ਬਾਅਦ ਦੁਪਹਿਰ 12 :30 ਵਜੇ ਦੇ ਕਰੀਬ ਐਨ. ਓ. ਸੀ. ਜਾਰੀ ਕਰ ਦਿੱਤੀਆਂ ਗਈਆਂ | ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਨੂੰ ਐਨ. ਓ. ਸੀ. ਦੀ ਥਾਂ ਹਲਟੀਆਂ ਬਿਆਨ ਲਗਾਉਣ ਲਈ ਕਿਹਾ ਗਿਆ ਜੋ ਕਾਗ਼ਜ਼ਾਂ ਦੀ ਪੜਤਾਲ ਮੌਕੇ ਹਲਫ਼ੀਆ ਬਿਆਨ ਵਾਲੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਜਾਣੀਆਂ ਸਨ | ਇਸ ਮੌਕੇ ਉਮੀਦਵਾਰ ਕਿਰਪਾਲ ਸਿੰਘ ਗਿੱਲ, ਪਵਿੱਤਰ ਸਿੰਘ, ਵਰਿੰਦਰ ਕੁਮਾਰ ਵਿਕੀ, ਸ਼ਮਸ਼ੇਰ ਸਿੰਘ ਭੰਗੂ, ਇੰਦਰਪਾਲ ਸਿੰਘ ਲਾਲੀ, ਸੰਜੇ, ਅਰਵਿੰਦਰ ਸਿੰਘ, ਰੋਹਿਤ ਸੱਭਰਵਾਲ, ਤਾਰਾ ਚੰਦ ਜੰਡ ਸਾਹਿਬ, ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਹਾਜ਼ਰ ਸਨ |