ਭਰਤਗੜ੍ਹ, 7 ਮਈ (ਜਸਬੀਰ ਸਿੰਘ ਬਾਵਾ)-ਭਾਵੇਂ ਕਿ ਖੇਤਰੀ ਵਸਨੀਕਾਂ ਦੀਆਂ ਦਿੱਕਤਾਂ ਨੂੰ ਸੁਲਝਾਉਣ ਦੇ ਮੰਤਵ ਨਾਲ ਸਥਾਨਕ ਮੁਹਤਬਰ, ਸ਼ੁਕਰਾਨਾ ਯਾਤਰਾ ਦੌਰਾਨ ਵਿਸ਼ੇਸ਼ ਤੌਰ 'ਤੇ ਭਰਤਗੜ੍ਹ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਸੌਂਪਣ ਦੇ ਚਾਹਵਾਨ ਸਨ ਪਰ ਮੁੱਖ ਮੰਤਰੀ ਦੀ ਆਮਦ ਤੋਂ ਕੁੱਝ ਮਿੰਟ ਪਹਿਲਾਂ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ, ਵਧੀਕ ਡਿਪਟੀ ਕਮਿਸ਼ਨਰ ਚੰਦਰਜੋਤੀ ਸਿੰਘ, ਜ਼ਿਲ੍ਹੇ ਦੇ ਪੁਲਿਸ ਮੁਖੀ ਮਨਿੰਦਰ ਸਿੰਘ ਰੂਪਨਗਰ ਨੇ ਮੁਹਤਬਰਾਂ ਤੋਂ ਖੁਦ ਪੱਤਰ ਲੈ ਕੇ ਵਿਸ਼ਵਾਸ ਦੁਆਇਆ ਕਿ ਇਨ੍ਹਾਂ ਪੱਤਰਾਂ 'ਤੇ ਮੁੱਖ ਮੰਤਰੀ ਦੀ ਨਜਰਸਾਨੀ ਮਗਰੋਂ ਇਨ੍ਹਾਂ ਦਿੱਕਤਾਂ ਨੂੰ ਹੱਲ ਕੀਤਾ ਜਾਵੇਗਾ | ਸਰਪੰਚ ਪਰਦੀਪ ਭੱਲਾ, ਸੁਖਜਿੰਦਰ ਸਿੰਘ ਭਾਓਵਾਲ, ਜਥੇ. ਜਰਨੈਲ ਸਿੰਘ ਸਹੋਤਾ, ਭੁਪਿੰਦਰ ਕੌਰ ਗਿੱਲ, ਰਾਣੀ ਰਣਜੀਤ ਕੌਰ, ਪਰਮਜੀਤ ਸਿੰਘ ਬੱਬੀ, ਹਰਦੀਪ ਸਿੰਘ ਢੇਲਾਬੜ, ਮਨਜਿੰਦਰ ਸਿੰਘ ਗਿੱਲ ਨੇ ਦਿੱਕਤਾਂ ਪ੍ਰਤੀ ਜ਼ਿਕਰ ਕਰਦਿਆਂ ਕਿਹਾ ਕਿ ਉਕਤ ਪੱਤਰ 'ਚ ਭਰਤਗੜ੍ਹ ਨੂੰ ਸਬ-ਤਹਿਸੀਲ ਬਣਾਉਣਾ, ਸਰਕਾਰੀ ਹਸਪਤਾਲ 'ਚ ਲੋੜੀਂਦੇ ਸੁਧਾਰ ਕਰਵਾਉਣਾ, ਅਨਾਜ ਮੰਡੀ 'ਚ ਸ਼ੈੱਡ ਬਣਾਉਣਾ, ਸ੍ਰੀ ਕੀਰਤਪੁਰ ਸਾਹਿਬ ਦੇ ਬਜਾਏ ਭਰਤਗੜ੍ਹ 'ਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਾ ਦਫ਼ਤਰ ਸਥਾਪਤ ਕਰਵਾਉਣਾ ਤੇ ਭਰਤਗੜ੍ਹ ਤੋਂ ਹਿਮਾਚਲ ਨੂੰ ਜਾਂਦੇ ਪੰਜੇਹਰਾ ਮਾਰਗ ਨੂੰ ਨਵਿਆਉਣਾ ਆਦਿ ਸ਼ਾਮਿਲ ਹਨ, ਸਾਨੂੰ ਪੂਰੀ ਉਮੀਦ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਇਸ ਪੱਤਰ ਨੂੰ ਵਿਚਾਰ ਕੇ ਖੇਤਰੀ ਲੋਕਾਂ ਦੀਆਂ ਦਿੱਕਤਾਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਉਣਗੇ | ਇਸੇ ਦੌਰਾਨ ਪੰਜਾਬ ਦੇ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਹਿਲਾਂ ਸਰਕਾਰ ਮਹਿਲਾਂ 'ਚੋਂ ਚੱਲਦੀ ਸੀ ਪਰ ਮੌਜੂਦਾ ਮੁੱਖ ਮੰਤਰੀ ਦੇ ਪੰਜਾਬੀਆਂ ਨਾਲ ਕੀਤੇ ਜਨਤਕ ਵਾਅਦੇ ਮੁਤਾਬਿਕ ਹੁਣ ਸਰਕਾਰ ਪਿੰਡਾਂ ਦੀ ਸੱਥਾਂ 'ਚੋਂ ਚੱਲ ਰਹੀ ਹੈ, ਇਸ ਦੀ ਤਾਜ਼ੀ ਉਦਾਹਰਣ ਅੱਜ ਭਰਤਗੜ੍ਹ 'ਚੋਂ ਵੀ ਮਿਲ ਰਹੀ ਹੈ | ਉਨ੍ਹਾਂ ਮੁੱਖ ਮੰਤਰੀ ਦੀ ਰਵਾਨਗੀ ਮਗਰੋਂ ਤੁਰੰਤ ਭਰਤਗੜ੍ਹ ਦੇ ਬੱਸ ਅੱਡੇ ਦੇ ਬੈਂਚ 'ਤੇ ਬੈਠਕੇ ਹੋਰਨਾਂ ਪਿੰਡਾਂ ਦੀਆਂ ਦਿੱਕਤਾਂ ਨੂੰ ਸੁਣਿਆ, ਕਈ ਦਿੱਕਤਾਂ ਦੇ ਤੁਰੰਤ ਨਿਪਟਾਰੇ ਕੀਤੇ ਅਤੇ ਕੁੱਝ ਦਿੱਕਤਾਂ ਦੇ ਨਿਪਟਾਰੇ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ |