ਮੋਰਿੰਡਾ, 7 ਮਈ (ਤਰਲੋਚਨ ਸਿੰਘ ਕੰਗ)- ਨਗਰ ਕੌਂਸਲ ਮੋਰਿੰਡਾ ਸ਼ਹਿਰ ਦੇ ਸਰਬਪੱਖੀ ਵਿਕਾਸ ਦੇ ਬਹੁਤ ਵੱਡੇ-ਵੱਡੇ ਦਾਅਵੇ ਕਰਨ ਦੇ ਨਾਲ-ਨਾਲ ਸਫ਼ਾਈ ਅਤੇ ਸੁਰੱਖਿਆ ਪ੍ਰਬੰਧਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਹੈ ਪਰ ਹਕੀਕਤ ਵਿੱਚ ਮੋਰਿੰਡਾ ਤੇ ਆਸ-ਪਾਸ ਦੇ ਇਲਾਕਿਆਂ 'ਚ ਸਰਬਪੱਖੀ ਵਿਕਾਸ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ, ਨਗਰ ਕੌਂਸਲ ਮੋਰਿੰਡਾ ਸ਼ਹਿਰ ਵਿਚ ਸੀਵਰੇਜ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੀ ਤਰਾਂ ਫੇਲ੍ਹ ਰਿਹਾ ਤੇ ਲੱਖਾਂ ਰੁਪਏ ਖਰਚ ਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲਗਾਏ ਸੀ.ਸੀ.ਟੀ.ਵੀ. ਕੈਮਰਿਆਂ ਦੇ ਨੈੱਟ ਦਾ ਬਿੱਲ ਨਾ ਭਰਾਉਣ ਕਾਰਨ ਇਹ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਏ ਹਨ | ਇਸ ਸੰਬੰੰੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਕੌਂਸਲਰ ਅੰਮਿ੍ਤਪਾਲ ਸਿੰਘ ਖੱਟੜਾ, ਜਗਵਿੰਦਰ ਸਿੰਘ ਪੰਮੀ, ਵਰਿੰਦਰ ਸਿੰਘ ਹੈਪੀ, ਬਲਵੀਰ ਸਿੰਘ ਸੱਲ੍ਹ, ਹਰਜੀਤ ਸਿੰਘ ਸੱਲ੍ਹ, ਅਜੇ ਕੁਮਾਰ ਗਿੰਨੀ, ਚਿਤਰੰਜਨ ਕੁਮਾਰ, ਜਗਦੀਸ਼ ਕੁਮਾਰ ਦੀਸ਼ਾ ਆਦਿ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਵਿਚ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗੇ ਪਏ ਹਨ | ਸੀਵਰੇਜ ਸਿਸਟਮ ਕਈ ਥਾਵਾਂ ਤੇ ਚੋਕ ਹੋਣ ਕਾਰਨ ਰਾਮਬਾਗ ਰੋਡ, ਬਸੀ ਰੋਡ ਤੇ ਵਾਲਮੀਕ ਮੰਦਿਰ ਦੇ ਲਾਗੇ ਗੰਦਾ ਪਾਣੀ ਗਲੀਆਂ 'ਚ ਖੜਾ ਰਹਿੰਦਾ ਹੈ | ਨਗਰ ਕੌਂਸਲ ਵਾਲਿਆਂ ਤੋਂ ਸ਼ਹਿਰ ਦੀ ਮੁੱਢਲੀ ਸਹੂਲਤ ਸਾਫ ਸਫਾਈ ਨਹੀਂ ਹੋ ਰਹੀ | ਸ਼ਹਿਰ ਵਿਚ ਕਈ ਨਜਾਇਜ ਕਲੋਨੀਆਂ ਧੜਾ-ਧੜ ਬਣ ਰਹੀਆਂ ਹਨ | ਸੀਵਰੇਜ ਦੇ ਪਾਣੀ ਦੇ ਨਿਕਾਸ ਦਾ ਨਗਰ ਕੌਂਸਲ ਨੂੰ ਕੋਈ ਵੀ ਫਿਕਰ ਨਹੀਂ ਹੈ | ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਪੁਰਾਣੀ ਬਸੀ ਰੋਡ ਸੜਕ 'ਤੇ ਕਰੋੜਾਂ ਰੁਪਏ ਸੀਵਰੇਜ ਤੇ ਖਰਚਾ ਕਰਨ ਉਪਰੰਤ ਸੀਵਰੇਜ ਸਿਸਟਮ ਨਹੀਂ ਪਾਇਆ ਗਿਆ | ਗੰਦਾ ਪਾਣੀ ਨਾਲਿਆਂ 'ਚ ਖੁੱਲਾ ਘੁੰਮ ਰਿਹਾ ਹੈ | ਆਵਾਰਾ ਪਸ਼ੂ ਸ਼ਾਮ ਸਮੇਂ ਗੰਦੇ ਕੂੜੇ ਨੂੰ ਫਰੋਲਦੇ ਰਹਿੰਦੇ ਹਨ ਤੇ ਕਈ ਵਾਰ ਤਾਂ ਰਾਹਗੀਰਾਂ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੰਦੇ ਹਨ | ਇਸੇ ਸਬੰਧ ਵਿਚ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਨਗਰ ਕੌਂਸਲ ਵਾਲੇ ਜਿੱਥੇ ਵੀ ਕੂੜੇ ਦਾ ਡੰਪ ਕਿਰਾਏ 'ਤੇ ਲੈਂਦੇ ਹਨ ਉੱਥੇ ਹੀ ਲੋਕੀ ਵਿਰੋਧ ਕਰ ਦਿੰਦੇ ਹਨ | ਹੁਣ ਮਜਬੂਰੀਵਸ ਉਹਨਾਂ ਨੂੰ ਇਕ ਨਿੱਜੀ ਕੰਪਨੀ ਨੂੰ ਕੂੜਾ ਚੁੱਕਣ ਲਈ 180 ਰੁਪਏ ਪ੍ਰਤੀ ਕੁਵਿੰਟਲ ਦੇ ਰਹੇ ਹਨ | ਹੁਣ ਵੇਖਣਾ ਇਹ ਹੋਵੇਗਾ ਕਿ ਮੋਰਿੰਡਾ ਸ਼ਹਿਰ ਦੇ ਕੂੜੇ ਨੂੰ ਸੰਭਾਲਣ ਦਾ ਕੰਮ ਅਜਿਹੇ ਹੀ ਸਾਧਨਾਂ ਵਸ ਪਿਆ ਰਹੇਗਾ ਜਾਂ ਇਸਦਾ ਕੋਈ ਸਥਾਈ ਹੱਲ ਵੀ ਹੋ ਸਕੇਗਾ?