ਮੋਰਿੰਡਾ, 6 ਮਈ (ਪਿ੍ਤਪਾਲ ਸਿੰਘ)- ਸਹਿਕਾਰੀ ਬੈਂਕ, ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਸਰਕਾਰ ਵਲੋਂ ਵਧਾਏ ਗਏ ਫ਼ਸਲੀ ਹੱਦ ਕਰਜ਼ੇ ਦੇਣ ਤੋਂ ਇਨਕਾਰੀ ਹਨ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਨਵੀਆਂ ਦਰਾਂ ਅਨੁਸਾਰ ਫ਼ਸਲੀ ਹੱਦ ਕਰਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ, ਪ੍ਰਧਾਨ ਜ਼ਿਲ੍ਹਾ ਮੋਹਾਲੀ ਜਸਵਿੰਦਰ ਸਿੰਘ ਵਿਕੀ ਢਿੱਲੋਂ, ਸਰਤੇਗ ਸਿੰਘ ਪਾਲੀ ਪੰਜਕੋਹਾ, ਸਰਬਜੀਤ ਸਿੰਘ ਖੰਟ, ਕੋਆਪਰੇਟਿਵ ਸੋਸਾਇਟੀ ਕਜੌਲੀ ਦੇ ਪ੍ਰਧਾਨ ਧਰਮਿੰਦਰ ਸਿੰਘ ਕੋਟਲੀ, ਬਾਗਾਂਵਾਲਾ ਸੁਸਾਇਟੀ ਮੋਰਿੰਡਾ ਦੇ ਪ੍ਰਧਾਨ ਪਰਮਿੰਦਰ ਸਿੰਘ ਬਿੱਟੂ ਕੰਗ, ਮਨਪ੍ਰੀਤ ਸਿੰਘ ਮੰਨਾ, ਵੱਲੀ, ਮੱਲੀ ਅਮਰਾਲੀ, ਗੁਰਪ੍ਰੀਤ ਸਿੰਘ ਨੌਗਾਵਾਂ, ਮਨਪ੍ਰੀਤ ਸਿੰਘ, ਰਣਧੀਰ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਖ਼ਰਚਿਆਂ ਦੀ ਲਗਾਤਾਰ ਵੱਧ ਰਹੀ ਲਾਗਤ ਕਾਰਨ ਵਧਾਈਆਂ ਦਰਾਂ ਅਨੁਸਾਰ ਕਿਸਾਨਾਂ ਨੂੰ ਫ਼ਸਲੀ ਹੱਦ ਕਰਜ਼ਾ ਮਿਲਣਾ ਚਾਹੀਦਾ ਸੀ ਪਰ ਸਹਿਕਾਰੀ ਬੈਂਕਾਂ ਵਲੋਂ ਫ਼ੰਡ ਉਪਲਬਧ ਨਾ ਹੋਣ ਦੀ ਗੱਲ ਆਖ ਕੇ ਨਵੀਂ ਵਧਾਈ ਰਾਸ਼ੀ ਦੇਣ ਤੋਂ ਜਵਾਬ ਦਿੱਤਾ ਜਾ ਰਿਹਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਨਵਾਂ ਫ਼ਸਲੀ ਹੱਦ ਕਰਜ਼ਾ ਜਾਰੀ ਹੀ ਨਹੀਂ ਕਰਨਾ ਸੀ ਫਿਰ ਇਸ ਨੂੰ ਵਧਾਇਆ ਹੀ ਕਿਉਂ ਗਿਆ | ਉਨ੍ਹਾਂ ਮੁੱਖ ਮੰਤਰੀ ਤੋਂ ਦਖ਼ਲ ਦੀ ਮੰਗ ਕਰਦਿਆਂ ਤੁਰੰਤ ਨਬਾਰਡ ਤੋਂ ਵਧਾਏ ਗਏ ਫ਼ਸਲੀ ਹੱਦ ਕਰਜ਼ੇ ਲਈ ਰਾਸ਼ੀ ਦਾ ਪ੍ਰਬੰਧ ਕਰਾਉਣ ਦੀ ਮੰਗ ਕੀਤੀ ਹੈ | ਅਜਿਹਾ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ |