ਨੂਰਪੁਰ ਬੇਦੀ, 6 ਮਈ (ਵਿੰਦਰਪਾਲ ਝਾਂਡੀਆਂ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਰੂਪਨਗਰ ਵਲੋਂ ਪਿੰਡ ਗੜਬਾਗਾ ਵਿਖੇ ਮੱਕੀ ਦੀ ਕਾਸ਼ਤ ਦੇ ਸੁਧਰੇ ਢੰਗਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਕਰੀਬ 25 ਕਿਸਾਨਾਂ ਨੇ ਭਾਗ ਲਿਆ | ਕੈਂਪ ਦੀ ਸ਼ੁਰੂਆਤ 'ਚ ਡਾਕਟਰ ਅਵਨੀਤ ਕੌਰ (ਡੀ.ਈ.ਐੱਸ. ਫਲ ਵਿਗਿਆਨ) ਨੇ ਕਿਸਾਨਾਂ ਨੂੰ ਖੇਤੀ ਵਿਚ ਵਿਭਿੰਨਤਾ ਅਪਣਾਉਣ ਲਈ ਉਤਸ਼ਾਹਿਤ ਕੀਤਾ ਤੇ ਬਾਗ਼ਾਂ ਦੀ ਲਵਾਈ, ਫਲਦਾਰ ਬੂਟਿਆਂ ਦੀ ਸੰਭਾਲ ਤੇ ਫਲ ਦੀ ਮੱਖੀ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ | ਕੈਂਪ ਦੌਰਾਨ ਕਿਸਾਨਾਂ ਨੇ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਆਪਣੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ | ਕੈਂਪ ਦੀ ਸਮਾਪਤੀ ਨਿਯਮਤ ਸੁਝਾਵਾਂ ਤੇ ਧੰਨਵਾਦ ਨਾਲ ਕੀਤੀ ਗਈ | ਇਸ ਮੌਕੇ ਭਜਨ ਸਿੰਘ, ਤੇਜਿੰਦਰ ਸਿੰਘ ਪਿੰਟੂ, ਸਾਧੂ ਰਾਮ, ਜਸਕਰਨ ਸਿੰਘ, ਜੀਤ ਸਿੰਘ, ਮੇਹਰ ਸਿੰਘ, ਰਾਜੀ ਖੇਪੜ ਆਦਿ ਹਾਜ਼ਰ ਸਨ |