ਮੋਰਿੰਡਾ, 1 ਮਾਰਚ (ਪਿ੍ਤਪਾਲ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੇਵਾ ਮਿਸ਼ਨ ਅਤੇ ਯੂਥ ਵੈੱਲਫੇਅਰ ਕਲੱਬ ਕਲਹੇੜੀ ਵਲੋਂ ਪਿੰਡ ਕਲਹੇੜੀ ਵਿਖੇ ਸਮਾਜ ਸੇਵੀ ਤਲਵੀਰ ਸਿੰਘ ਯੂ.ਐਸ.ਏ ਦੇ ਸਹਿਯੋਗ ਨਾਲ 9ਵਾਂ ਗੁਰਮਿਤ ਸਮਾਗਮ ਅਤੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗਿਆਨੀ ਕੁਲਵਿੰਦਰ ਸਿੰਘ ਕਲਹੇੜੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਢਾਡੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਢਾਡੀ ਬਾਬਾ ਨੱਥਾ ਸਿੰਘ, ਬਾਬਾ ਅਬਦੁਲਾ ਜੀ ਦੇ ਢਾਡੀ ਜਥਿਆਂ ਵੱਲੋਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸੇ ਤਰ੍ਹਾਂ ਸੰਤ ਬਾਬਾ ਪਰਮਜੀਤ ਸਿੰਘ ਢਿੱਡਾਸਰ ਵਾਲੇ ਅਤੇ ਸੰਤ ਬਾਬਾ ਜੀਵਨ ਸਿੰਘ ਬੰਗਚੀ ਵਾਲਿਆਂ ਵਲੋਂ, ਗੁਰਬਾਣੀ ਕਥਾ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੇ ਆਖ਼ਰੀ ਦਿਨ 3 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ | ਸੰਸਥਾ ਵੱਲੋਂ ਨਵ ਵਿਆਹੇ ਜੋੜਿਆਂ ਨੂੰ ਘਰੇਲੂ ਸਾਮਾਨ, ਕੱਪੜੇ ਅਤੇ ਫ਼ਰਨੀਚਰ ਆਦਿ ਦਿੱਤਾ ਗਿਆ | ਇਸ ਮੌਕੇ ਲੰਗਰਾਂ ਦੀ ਸੇਵਾ ਸੰਤ ਬਾਬਾ ਅਜੀਤ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਵਲੋਂ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਪੀ.ਏ.ਡੀ.ਬੀ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਬਾਬਾ ਦਿਲਵਰ ਸਿੰਘ ਪੋਹਲੋਮਾਜਰਾ, ਬਾਬਾ ਕੁਲਦੀਪ ਸਿੰਘ, ਬਾਬਾ ਹਰਦੀਪ ਸਿੰਘ, ਬਾਬਾ ਸੁਰਮੁੱਖ ਸਿੰਘ ਚੰਡਿਆਲਾ, ਭਾਈ ਰਜਿੰਦਰ ਸਿੰਘ ਪੜੌਲ ਆਦਿ ਹਾਜ਼ਰ ਸਨ |