25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਬਿਜਲੀ ਸੰਕਟ ਕਾਰਨ ਡੇਰਾਬੱਸੀ ਦੇ ਉਦਯੋਗਪਤੀਆਂ ਨੇ ਸਰਕਾਰ ਨੂੰ ਫੈਕਟਰੀਆਂ ਦੀਆਂ ਚਾਬੀਆਂ ਸੌਂਪਣ ਦਾ ਦਿੱਤਾ ਅਲਟੀਮੇਟਮ <br/>

ਅਜੀਤ ਡੈਸਕ 30-01-2026
ਡੇਰਾਬੱਸੀ, 29 ਜਨਵਰੀ (ਰਣਬੀਰ ਸਿੰਘ ਪੜ੍ਹੀ)-ਪੰਜਾਬ ਦਾ ਪ੍ਰਮੁੱਖ ਉਦਯੋਗਿਕ ਕੇਂਦਰ ਮੰਨੇ ਜਾਣ ਵਾਲੇ ਡੇਰਾਬੱਸੀ 'ਚ ਪਿਛਲੇ ਇਕ ਹਫ਼ਤੇ ਤੋਂ ਜਾਰੀ ਗੰਭੀਰ ਬਿਜਲੀ ਸੰਕਟ ਕਾਰਨ ਹਾਹਾਕਾਰ ਮੱਚ ਗਈ ਹੈ | ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਹੁਣ ਉਦਯੋਗ ਬੰਦ ਹੋਣ ਦੇ ਕਿਨਾਰੇ ਪਹੁੰਚ ਚੁੱਕੇ ਹਨ | ਇਸ ਦੇ ਰੋਸ ਵਜੋਂ ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਅੱਜ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਫੈਕਟਰੀਆਂ ਦੀਆਂ ਚਾਬੀਆਂ ਸਰਕਾਰ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ | ਡੇਰਾਬੱਸੀ ਦੇ ਸੈਦਪੁਰਾ ਗਰਿੱਡ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਕੋਹਲੀ, ਚੇਅਰਮੈਨ ਰਾਜੂ ਮਿੱਤਲ ਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਸਮੇਤ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ 22 ਜਨਵਰੀ ਤੋਂ ਇਲਾਕੇ 'ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਪਈ ਹੈ | ਬਿਜਲੀ ਦੇ ਲੰਬੇ ਕੱਟਾਂ ਅਤੇ ਵੋਲਟੇਜ਼ ਦੀ ਭਾਰੀ ਅਸਥਿਰਤਾ ਕਾਰਨ ਮਸ਼ੀਨਾਂ ਚਲਾਉਣਾ ਅਸੰਭਵ ਹੋ ਗਿਆ ਹੈ | ਨਾਕਸ ਬਿਜਲੀ ਸਪਲਾਈ ਕਾਰਨ ਜਿਥੇ ਮਹਿੰਗੀਆਂ ਮਸ਼ੀਨਾਂ ਦੇ ਸੜਨ ਦਾ ਖਦਸ਼ਾ ਬਣਿਆ ਹੋਇਆ ਹੈ, ਉਥੇ ਹੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ | ਆਰਡਰ ਸਮੇਂ ਸਿਰ ਪੂਰੇ ਨਾ ਹੋਣ ਕਾਰਨ ਇੰਡਸਟਰੀ ਨੂੰ ਕਰੋੜਾਂ ਰੁ. ਦਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਮਜ਼ਦੂਰ ਬਿਨਾਂ ਕੰਮ ਤੋਂ ਵਿਹਲੇ ਬੈਠਣ ਲਈ ਮਜ਼ਬੂਰ ਹਨ |
ਸਭ ਤੋਂ ਵੱਧ ਮਾਲੀਆ ਦੇਣ ਵਾਲੇ ਖੇਤਰ ਨਾਲ ਕੀਤਾ ਜਾ ਰਿਹੈ ਮਤਰੇਈ ਮਾਂ ਵਾਲਾ ਸਲੂਕ-
ਉਦਯੋਗਪਤੀਆਂ ਨੇ ਪੀ. ਐੱਸ. ਪੀ. ਸੀ. ਐੱਲ. ਦੀ ਕਾਰਗੁਜ਼ਾਰੀ 'ਤੇ ਸਵਾਲ ਚੁਕਦਿਆਂ ਕਿਹਾ ਕਿ ਡੇਰਾਬੱਸੀ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਲਈ ਸਭ ਤੋਂ ਵੱਧ ਰੈਵੀਨਿਊ (ਮਾਲੀਆ) ਦੇਣ ਵਾਲਾ ਖੇਤਰ ਹੈ | ਇਸ ਦੇ ਬਾਵਜੂਦ ਇਥੋਂ ਦੇ ਉਦਯੋਗਾਂ ਨੂੰ ਅਣਗੌਲਿਆ ਕਰਨਾ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਨੂੰ ਮਾਰਨ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਇਹ ਸਰਕਾਰ ਵਲੋਂ ਸਭ ਤੋਂ ਵੱਡੇ ਟੈਕਸਦਾਤਾਵਾਂ ਨਾਲ ਧੋਖੇ ਦੇ ਸਮਾਨ ਹੈ | ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਦਾਅਵੇ ਕਰਦੀ ਹੈ, ਪਰ ਜਦੋਂ ਬਿਜਲੀ ਹੀ ਨਹੀਂ ਹੋਵੇਗੀ ਤਾਂ ਫੈਕਟਰੀਆਂ ਰੁਜ਼ਗਾਰ ਕਿਵੇਂ ਦੇਣਗੀਆਂ | ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਕਾਰਨ ਹਜ਼ਾਰਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਤਲਵਾਰ ਲਟਕ ਗਈ ਹੈ |
ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਾਵਨੀ-
ਉਦਯੋਗਪਤੀਆਂ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਰੋਸ ਵਜੋਂ ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਸਰਕਾਰ ਨੂੰ ਸੌਂਪਣ ਲਈ ਤਿਆਰ ਹਨ ਤਾਂ ਜੋ ਪ੍ਰਸ਼ਾਸਨ ਖ਼ੁਦ ਆ ਕੇ ਦੇਖੇ ਕਿ ਉਦਯੋਗ ਚਲਾਉਣਾ ਕਿੰਨਾ ਔਖਾ ਹੋ ਗਿਆ ਹੈ | ਐਸੋਸੀਏਸ਼ਨ ਆਗੂਆਂ ਨੇ ਆਖਿਆ ਕਿ ਜੇਕਰ ਬਿਜਲੀ ਸਪਲਾਈ ਦੀ ਸਮੱਸਿਆ ਦਾ ਤੁਰੰਤ ਸਥਾਈ ਹੱਲ ਨਾ ਕੱਢਿਆ ਗਿਆ ਤਾਂ ਸਮੂਹ ਉਦਯੋਗਪਤੀ ਆਪਣੇ ਹਜ਼ਾਰਾਂ ਮਜ਼ਦੂਰਾਂ ਸਮੇਤ ਸੜਕਾਂ 'ਤੇ ਉਤਰ ਕੇ ਚੱਕਾ ਜਾਮ ਕਰਨ ਲਈ ਮਜ਼ਬੂਰ ਹੋਣਗੇ |


ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਸੰਬੰਧੀ ਸਾਲਾਨਾ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪਿੰਡ ਝਾਂਡੀਆਂ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।