ਸ੍ਰੀ ਅਨੰਦਪੁਰ ਸਾਹਿਬ, 20 ਜਨਵਰੀ (ਪੱਤਰ ਪ੍ਰੇਰਕ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ਸਰੂਪਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਅਚਾਨਕ ਲਏ ਗਏ ਯੂ-ਟਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਇਸ ਅਤਿ ਸੰਵੇਦਨਸ਼ੀਲ ਧਾਰਮਿਕ ਮੁੱਦੇ 'ਤੇ ਅਪਣਾਇਆ ਗਿਆ ਰਵੱਈਆ ਨਿੰਦਣਯੋਗ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਰਾਜਨੀਤੀ ਦਾ ਵਿਸ਼ਾ ਬਣਾਉਣਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾ ਗ਼ਲਤ ਦਾਅਵਿਆਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਗੁਰੂ ਸਾਹਿਬ ਦੀ ਆਪਣੀ ਕਲਾ ਵਰਤਣ ਨਾਲ ਸੱਚ ਆਪਣੇ ਆਪ ਸਾਹਮਣੇ ਆ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਝੂਠੇ ਬਿਆਨਾਂ ਕਾਰਨ ਹਰ ਪਾਸੇ ਤੋਂ ਘਿਰ ਗਈ ਅਤੇ ਆਖ਼ਰਕਾਰ ਇਸ ਮਾਮਲੇ 'ਤੇ ਮਾਫ਼ੀ ਮੰਗਣ ਲਈ ਮਜਬੂਰ ਹੋਈ, ਜੋ ਕਿ ਸਰਕਾਰ ਦੀ ਨੈਤਿਕ ਹਾਰ ਦਾ ਸਪਸ਼ਟ ਸਬੂਤ ਹੈ |