ਨੂਰਪੁਰ ਬੇਦੀ, 20 ਜਨਵਰੀ (ਢੀਡਸਾ)-ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ ਵਲੋਂ ਕਰਵਾਈ ਗਈ ਨੈਤਿਕ ਸਿੱਖਿਆ ਪ੍ਰੀਖਿਆ ਵਿਚ ਡੀ. ਏ. ਵੀ. ਸੀਨੀਅਰ ਸਕੈਂਡਰੀ ਸਕੂਲ ਤਖਤਗੜ੍ਹ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਨੈਤਿਕ ਪ੍ਰੀਖਿਆ ਵਿਚ ਡੀ. ਏ. ਵੀ. ਸਕੂਲ ਤਖਤਗੜ੍ਹ ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਪ੍ਰੀਖਿਆ ਦਿੱਤੀ ਗਈ ਸੀ, ਜਿਸ ਵਿਚ ਬਹੁਤੇ ਬੱਚਿਆਂ ਵਲੋਂ ਇਸ ਪ੍ਰੀਖਿਆ ਨੂੰ ਪਹਿਲੇ ਅਤੇ ਦੂਜੇ ਦਰਜੇ ਵਿਚ ਪਾਸ ਕੀਤਾ ਹੈ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਸਕੱਤਰ ਮਨਦੀਪ ਸਿੰਘ ਅਤੇ ਸੁਰਿੰਦਰ ਸਿੰਘ ਗੱਦੀਵਾਲ ਨੇ ਦੱਸਿਆ ਕਿ ਨੈਤਿਕ ਪ੍ਰੀਖਿਆ ਦੌਰਾਨ ਇਸ ਸਕੂਲ ਦੇ ਵਿਦਿਆਰਥੀ ਨਵਦੀਪ ਸਿੰਘ ਨੇ ਜ਼ੋਨਲ ਪੱਧਰ 'ਤੇ ਮੈਰਿਟ ਹਾਸਲ ਕੀਤੀ ਹੈ, ਡੀ. ਏ. ਵੀ. ਮਾਡਲ ਸਕੂਲ ਤਖਤਗੜ੍ਹ ਦੀ ਵਿਦਿਆਰਥਣ ਪਰਿਸ਼ਾ ਨੇ ਪਹਿਲੀ ਪੁਜ਼ੀਸ਼ਨ ਤੇ ਮਿਆਂਗ ਨੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ, ਇਸ ਮੌਕੇ ਸਕੂਲ ਦੇ ਮੈਰਿਟ ਅਤੇ ਪਹਿਲੇ ਸਥਾਨਾਂ 'ਤੇ ਆਏ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਹਰਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਮਿਹਨਤ ਨਾਲ ਵਿਦਿਆਰਥੀਆਂ ਨੇ ਨੈਤਿਕ ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਸਮੁੱਚੇ ਅੱਵਲ ਆਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰੀਸ਼ ਸੋਨੀ, ਹਰਸ਼ਰਨ ਸਿੰਘ, ਮੈਡਮ ਸਨੀਤਾ ਦੁਵੇਦੀ, ਕੁਲਵਿੰਦਰ ਸਿੰਘ ਰਾਣਾ, ਅਮਰਿੰਦਰ ਕੌਰ, ਮਨਪ੍ਰੀਤ ਸਿੰਘ, ਕੋਮਲ ਸੁਮਨ ਦੇਵੀ ਤੇ ਮੈਡਮ ਵੀਨਾ ਸਮੇਤ ਹੋਰ ਵੀ ਸਟਾਫ਼ ਹਾਜ਼ਰ ਸੀ |