ਮੋਰਿੰਡਾ, 20 ਜਨਵਰੀ (ਪਿ੍ਤਪਾਲ ਸਿੰਘ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਪਿੰਡ ਸਹੇੜੀ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਰਕ ਦੇ ਅਧੂਰੇ ਪਏ ਕੰਮ ਨੂੰ ਨੇਪਰੇ ਚਾੜ੍ਹਨ ਦੀ ਮੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਦਿਆਂ ਕਿਹਾ ਕਿ ਸਮੇਂ ਸਮੇਂ ਸਿਰ ਵੱਖ-ਵੱਖ ਸਰਕਾਰਾਂ ਦੀ ਅਣਗਹਿਲੀ ਕਾਰਨ ਲਟਕ ਰਹੇ ਇਸ ਅਹਿਮ ਇਤਿਹਾਸਿਕ ਪ੍ਰੋਜੈਕਟ ਨੂੰ ਤੁਰੰਤ ਨੇਪਰੇ ਚੜ੍ਹਾਇਆ ਜਾਵੇ ਤਾਂ ਜੋ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੋ ਸਕੇ | ਸ. ਕੰਗ ਨੇ ਪਿਛੋਕੜ ਦੱਸਦਿਆਂ ਕਿਹਾ ਕਿ ਸਾਲ 2002 ਤੋਂ 2007 ਦੀ ਕਾਂਗਰਸ ਸਰਕਾਰ ਦੌਰਾਨ ਜਦੋਂ ਉਹ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਸਨ, ਤਾਂ ਉਨ੍ਹਾਂ ਨੇ ਆਪਣੀ ਨਿੱਜੀ ਦਿਲਚਸਪੀ ਤੇ ਸ਼ਰਧਾ ਸਦਕਾ ਸਿੱਖ ਵਿਦਵਾਨਾਂ ਦੀ ਸਲਾਹ ਨਾਲ ਦੋ ਵੱਡੇ ਪ੍ਰੋਜੈਕਟ ਸ਼ੁਰੂ ਕਰਵਾਏ ਸਨ | ਇਨ੍ਹਾਂ ਵਿਚੋਂ ਇਕ ਸ੍ਰੀ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਇਤਿਹਾਸਕ ਥੀਮ ਪਾਰਕ 'ਸਾਕਾ ਚਮਕੌਰ' (ਹੁਣ ਦਾਸਤਾਨ-ਏ-ਸ਼ਹਾਦਤ) ਤੇ ਦੂਜਾ ਪਿੰਡ ਸਹੇੜੀ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਬਣ ਰਿਹਾ ਸਮਾਰਕ ਸ਼ਾਮਲ ਸੀ | ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ, ਕਿ ਜਿੱਥੇ ਚਮਕੌਰ ਸਾਹਿਬ ਵਾਲਾ ਪ੍ਰੋਜੈਕਟ 15 ਸਾਲਾਂ ਬਾਅਦ ਨਵੰਬਰ 2021 ਵਿਚ ਮੁਕੰਮਲ ਹੋ ਗਿਆ, ਉੱਥੇ ਹੀ ਸਹੇੜੀ ਵਿਖੇ ਬਣ ਰਿਹਾ ਸ਼ਹੀਦੀ ਸਮਾਰਕ ਅੱਜ ਵੀ ਸਰਕਾਰੀ ਬੇਰੁਖ਼ੀ ਅਤੇ ਫ਼ੰਡਾਂ ਦੀ ਘਾਟ ਕਾਰਨ ਅਧੂਰਾ ਪਿਆ ਹੈ, ਜੋ ਕਿ ਮੰਦਭਾਗੀ ਗੱਲ ਹੈ | ਕੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇ ਕੇ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ, ਡਿਪਟੀ ਕਮਿਸ਼ਨਰ ਰੂਪਨਗਰ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਮਿਤੀ ਬੱਧ ਤਰੀਕੇ ਨਾਲ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕਰਨ |