ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਵਲੋਂ ਅੱਜ ਰਣਜੀਤ ਬਾਗ ਵਿਚ ਇਕੱਤਰ ਹੋ ਕੇ ਰੋਸ ਰੈਲੀ ਕੱਢੀ ਗਈ ਤੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ ਕਰਮਚਾਰੀਆਂ ਨਾਲ ਕੀਤੀ ਵਾਅਦਾ ਖਿਲਾਫ਼ੀ ਦੇ ਵਿਰੋਧ ਵਿਚ ਅਰਥੀ ਫ਼ੂਕ ਮੁਜ਼ਾਹਰਾ ਕੀਤਾ | ਜਥੇਬੰਦੀ ਆਗੂ ਹਰਮੇਸ਼ ਸਿੰਘ ਧੀਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਅਤੇ ਕਰਮਚਾਰੀਆਂ ਨੂੰ ਕਈ ਤਰ੍ਹਾਂ ਦੀਆਂ ਗਰੰਟੀਆਂ ਦੇ ਕੇ ਸੱਤਾ ਹਾਸਲ ਕੀਤੀ ਸੀ, ਪਰ ਹੁਣ ਉਹ ਗਰੰਟੀਆਂ ਪੂਰੀਆਂ ਕਰਨ ਦੀ ਬਜਾਏ ਸੱਤਾ ਦੇ ਸੁਖ ਭੋਗ ਰਹੀ ਹੈ | ਉਹਨਾਂ ਕਿਹਾ ਕਿ ਸਰਕਾਰ ਵਲੋਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਡੀਲਿੰਕ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਹਨਾਂ ਨੂੰ ਕੇਂਦਰ ਅਤੇ ਗੁਆਂਢੀ ਸੂਬਿਆਂ ਨਾਲੋਂ 16 ਪ੍ਰਤੀਸ਼ਤ ਘੱਟ ਤਨਖਾਹ ਤੇ ਪੈਨਸ਼ਨ ਮਿਲ ਰਹੀ ਹੈ | ਧੀਮਾਨ ਮੁਤਾਬਕ, ਛੇਵੇਂ ਤਨਖਾਹ ਕਮਿਸ਼ਨ ਦੌਰਾਨ ਵੀ ਸਰਕਾਰ ਨੇ ਕਈ ਭੱਤਿਆਂ ਵਿਚ ਕਟੌਤੀ ਕਰਕੇ ਵਿੱਤੀ ਭਾਰ ਵਧਾਇਆ ਹੈ | ਉਹਨਾਂ ਕਿਹਾ ਕਿ ਕਰਮਚਾਰੀ ਆਗੂਆਂ ਨਾਲ ਕਈ ਮੀਟਿੰਗਾਂ ਕਰਨ ਦੇ ਬਾਵਜੂਦ, ਸਰਕਾਰ ਵਲੋਂ ਸਿਰਫ਼ ''ਲਾਰੇ ਬਾਜ਼ੀU ਕੀਤੀ ਜਾ ਰਹੀ ਹੈ ਅਤੇ ਕੋਈ ਵਾਸਤਵਿਕ ਹੱਲ ਨਹੀਂ ਦਿੱਤਾ ਜਾ ਰਿਹਾ | ਸਰਕਾਰ ਦੇ ਚੋਣ ਮੈਨੀਫੈਸਟੋ ਵਿਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਾਅਦਾ ਵੀ ਚਾਰ ਸਾਲ ਬੀਤਣ ਦੇ ਬਾਵਜੂਦ ਪੂਰਾ ਨਹੀਂ ਹੋਇਆ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਫ਼ਰਵਰੀ ਮਹੀਨੇ ਦੇ ਅੰਤ ਵਿਚ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਵੀ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ | ਇਸ ਮੌਕੇ ਭਾਗ ਚੰਦ ਸ਼ਰਮਾ, ਰਘਬੀਰ ਸਿੰਘ ਕੰਗ, ਬਲਬੀਰ ਸਿੰਘ ਮਗਰੋੜ, ਗੁਰਦਾਸ ਸਿੰਘ ਮੀਆਂਪੁਰ, ਕੁਲਦੀਪ ਸਿੰਘ ਮਿਨਹਾਸ, ਰਾਜ ਕੁਮਾਰ ਕੋਹਲੀ, ਅਮਰਜੀਤ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਛਿੰਦਾ, ਰਾਮ ਸਿੰਘ ਝੱਜ, ਪੁਸਪਿੰਦਰ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿਚ ਥਰਮਲ ਕਾਮੇ ਅਤੇ ਪੈਨਸ਼ਨਰ ਹਾਜ਼ਰ ਸਨ |