ਮੋਰਿੰਡਾ, 20 ਜਨਵਰੀ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਸਮਾਣਾ ਖ਼ੁਰਦ ਨੇੜੇ ਇੱਕ ਟਿੱਪਰ ਵਲੋਂ ਸਾਈਕਲ 'ਤੇ ਜਾ ਰਹੇ ਕਿਸਾਨ ਨੂੰ ਟਾਇਰਾਂ ਹੇਠ ਦਰੜ ਦੇਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਤਾਂ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਮਾਣਾ ਖ਼ੁਰਦ ਤੇ ਓਇੰਦ ਨੇੜੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਮਾਰਗ 'ਤੇ ਮਿੱਟੀ ਸੁੱਟ ਰਹੇ ਟਿੱਪਰ ਨੰਬਰ ਪੀ.ਬੀ-10 ਜੇ. ਕੇ.- 9263 ਵਲੋਂ ਆਪਣੇ ਖੇਤਾਂ ਵਿਚੋਂ ਸਾਈਕਲ 'ਤੇ ਘਰ ਜਾ ਰਹੇ ਕਿਸਾਨ ਅਵਤਾਰ ਸਿੰਘ ਪੁੱਤਰ ਛੱਜਾ ਸਿੰਘ (70 ਸਾਲ ) ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਅਵਤਾਰ ਸਿੰਘ ਦਾ ਸਾਈਕਲ ਇਸ ਟਿੱਪਰ ਦੇ ਟਾਇਰਾਂ ਵਿਚ ਫਸ ਗਿਆ ਅਤੇ ਅਵਤਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਉਪਰੰਤ ਟਿੱਪਰ ਚਾਲਕ, ਟਿੱਪਰ ਨੂੰ ਘਟਨਾ ਸਥਾਨ 'ਤੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਘਟਨਾ ਨੂੰ ਲੈਕੇ ਪਿੰਡ ਵਾਸੀਆਂ ਵਿਚ ਇਹਨਾਂ ਟਿੱਪਰ ਚਾਲਕਾਂ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਚੌਂਕੀ ਲੁਠੇੜੀ ਦੇ ਇੰਚਾਰਜ ਏ.ਐਸ.ਆਈ ਸ਼ਿੰਦਰਪਾਲ ਸਿੰਘ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਨ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |