ਮੋਰਿੰਡਾ, 20 ਜਨਵਰੀ (ਪਿ੍ਤਪਾਲ ਸਿੰਘ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਖਵਿੰਦਰ ਸਿੰਘ ਦੁੱਮਣਾ ਦੀ ਅਗਵਾਈ ਹੇਠ ਮਨਰੇਗਾ ਵਰਕਰਾਂ ਵਲੋਂ ਮੋਰਿੰਡਾ ਵਿਖੇ ਰੋਸ ਮਾਰਚ ਕੀਤਾ ਗਿਆ ਤੇ ਤਹਿਸੀਲਦਾਰ ਮੋਰਿੰਡਾ ਸੁਰਿੰਦਰ ਪਾਲ ਸਿੰਘ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਨਰੇਗਾ ਵਰਕਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਨੇੜੇ ਇਕੱਠੇ ਹੋ ਕੇ ਵਿਸ਼ਵਕਰਮਾ ਚੌਕ ਮੋਰਿੰਡਾ ਤੱਕ ਰੋਸ ਮਾਰਚ ਕੀਤਾ ਅਤੇ ਰੋਸ ਧਰਨਾ ਦਿੱਤਾ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਢੋਲਣ ਮਾਜਰਾ ਨੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਮਗਨਰੇਗਾ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਤੇ ਵੀਬੀ ਜੀ ਰਾਮ ਜੀ ਨੂੰ ਰੱਦ ਕੀਤਾ ਜਾਵੇ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਕਿਰਤੀਆਂ ਅਤੇ ਕਿਸਾਨਾਂ ਦੇ ਹੱਕਾਂ ਤੇ ਕੁਹਾੜਾ ਚਲਾ ਰਹੀ ਹੈ ਅਤੇ ਪੂੰਜੀਪਤੀ, ਜਗੀਰਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ ਲਈ ਕਿਰਤੀ ਵਿਰੋਧੀ ਨੀਤੀਆਂ ਘੜ ਰਹੀ ਹੈ | ਆਗੂਆਂ ਨੇ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨ ਵਲੋਂ ਕੀਤੀ ਜਾ ਰਹੀ 12 ਫਰਵਰੀ ਦੀ ਸੰਪੂਰਨ ਹੜਤਾਲ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ | ਇਸ ਮੌਕੇ ਕਾਮਰੇਡ ਬਜਿੰਦਰ ਪੰਡਿਤ, ਕਾਮਰੇਡ ਦਲੀਪ ਸਿੰਘ ਘਨੌਲਾ, ਕਾਮਰੇਡ ਗੁਰਦੇਵ ਸਿੰਘ ਬਾਗੀ, ਹਰਨਾਮ ਸਿੰਘ ਡੱਲਾ, ਸੁਰਿੰਦਰ ਸਿੰਘ, ਧਰਮ ਸਿੰਘ ਕਾਈਨੌਰ, ਬਲਵਿੰਦਰ ਸਿੰਘ ਮੁੰਡੀਆਂ ਤੇ ਵੱਡੀ ਗਿਣਤੀ ਵਿਚ ਮਗਨਰੇਗਾ ਵਰਕਰ ਹਾਜ਼ਰ ਸਨ |