ਮਾਨਸਾ/ਭੀਖੀ, 29 ਜਨਵਰੀ (ਸ.ਰਿ./ਪ.ਪ.)- ਮਾਨਸਾ ਜ਼ਿਲੇ੍ਹ 'ਚ ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਿਰੋਹ ਸਰਗਰਮ ਹੈ | ਪਿਛਲੇ ਮਹੀਨੇ ਤੋਂ ਕਈ ਪਿੰਡਾਂ 'ਚ ਵੱਡੀ ਪੱਧਰ 'ਤੇ ਤਾਰਾਂ ਚੋਰੀ ਹੋਈਆਂ ਹਨ | ਭੀਖੀ ਇਲਾਕੇ 'ਚ ਤਾਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਵਧੇਰੀਆਂ ਹਨ | ਬੀਤੇ ਦਿਨ ਪਿੰਡ ਮੋਹਰ ਸਿੰਘ ਵਾਲਾ ਤੇ ਧਲੇਵਾਂ 'ਚ ਅੱਧੀ ਦਰਜਨ ਤੋਂ ਵਧੇਰੇ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਅੰਜਾਮ ਨਸ਼ੇੜੀ ਕਿਸਮ ਦੇ ਵਿਅਕਤੀ ਦੇ ਰਹੇ ਹਨ | ਉਹ ਤਾਰਾਂ ਦਾ ਤਾਂਬਾ ਕੱਢ ਕੇ ਅੱਗੇ ਵੇਚ ਕੇ ਨਸ਼ੇ ਦੀ ਭੱਲ ਨੂੰ ਪੂਰਾ ਕਰਦੇ ਹਨ | ਦੱਸਣਯੋਗ ਹੈ ਕਿ 20 ਦਿਨ ਪਹਿਲਾਂ ਮੋਹਰ ਸਿੰਘ ਵਾਲਾ ਪਿੰਡ 'ਚ ਹੀ ਕਈ ਮੋਟਰਾਂ ਤੋਂ ਤਾਰਾਂ ਚੋਰੀ ਹੋ ਗਈਆਂ ਸਨ | ਕਾਬਲੇ-ਗ਼ੌਰ ਰਹੇ ਪਿਛਲੇ ਦਿਨੀਂ ਤਾਰ ਚੋਰ ਗਿਰੋਹ ਮਾਨਸਾ ਸ਼ਹਿਰ ਦੀ ਇਕ ਸਟਰੀਟ 'ਚੋਂ ਜਦੋਂ ਲੰਘ ਰਿਹਾ ਸੀ ਤਾਂ ਇਕ ਬੋਰਾਂ ਤਾਂਬਾ ਤਾਰ ਦਾ ਰਸਤੇ 'ਚ ਡਿੱਗ ਪਿਆ | ਨੇੜੇ ਹਾਜ਼ਰ ਲੋਕਾਂ ਵਲੋਂ ਸਬੰਧਿਤ ਆਟੋ ਰਿਕਸ਼ਾ ਵਾਲੇ ਨੂੰ ਆਵਾਜ਼ਾਂ ਵੀ ਦਿੱਤੀਆਂ ਗਈਆਂ ਪਰ ਸਭ ਕੁਝ ਜਾਣਦੇ ਹੋਏ ਅੱਗੇ ਨੂੰ ਤੁਰ ਗਏ | ਇਸ ਘਟਨਾ ਨੂੰ ਪੁਲਿਸ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਪਰ ਨਿੱਗਰ ਯੋਗ ਕਾਰਵਾਈ ਨਹੀਂ ਹੋਈ | ਜ਼ਿਲੇ੍ਹ ਦੇ ਕਿਸਾਨਾਂ ਦੇ ਨਾਲ ਹੀ ਸੁਹਿਰਦ ਲੋਕਾਂ ਦੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਗਹਿਰਾਈ ਨਾਲ ਜਾਂਚ ਕਰ ਕੇ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਜਾਵੇ | ਕਾਬਲੇ-ਗ਼ੌਰ ਰਹੇ ਪਿਛਲੇ ਵਰੇ੍ਹ ਜੋਗਾ ਖੇਤਰ 'ਚ ਅਜਿਹੇ ਗਿਰੋਹ ਦੇ 1 ਮੈਂਬਰ ਨੂੰ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਸ ਇਲਾਕੇ 'ਚ ਤਾਰਾਂ ਚੋਰੀ ਦੀ ਕੋਈ ਘਟਨਾ ਨਹੀਂ ਵਾਪਰੀ | ਜੇਕਰ ਪੁਲਿਸ ਮੁਸਤੈਦੀ ਵਰਤ ਕੇ ਜਾਂਚ ਕਰੇ ਤਾਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋ ਸਕਦਾ ਹੈ |