ਐੱਸ. ਏ. ਐੱਸ. ਨਗਰ, 27 ਨਵੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਇੰਮੀਗਲੋਬ ਵੀਜ਼ਾ ਕੰਸਲਟੈਂਟਸ ਫਰਮ ਵਲੋਂ ਸਿਰੰਡਰ ਕੀਤਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰਮ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਮਨਪ੍ਰੀਤ ਸਿੰਘ ਗਿੱਲ, ਹਰਵਿੰਦਰ ਸਿੰਘ ਤੇ ਮਨਦੀਪ ਕੌਰ ਦੀ ਪਾਰਟਨਰਸ਼ਿਪ ਫਰਮ ਇੰਮੀਗਲੋਬ ਵੀਜ਼ਾ ਕੰਸਲਟੈਂਟਸ (ਐੱਸ. ਸੀ. ਐਫ. ਨੰ. 44 ਦੂਜੀ ਮੰਜ਼ਿਲ ਫੇਜ਼-3ਬੀ2 ਮੁਹਾਲੀ) ਨੂੰ ਕੰਸਲਟੈਂਸੀ ਤੇ ਆਈਲਟਸ ਕੋਚਿੰਗ ਇੰਸਟੀਚਿਊਟ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 12 ਅਗਸਤ 2029 ਤੱਕ ਸੀ। ਉਨ੍ਹਾਂ ਦੱਸਿਆ ਕਿ ਲਾਇਸੰਸੀ ਵਲੋਂ ਬੀਤੀ 9 ਫਰਵਰੀ ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਉਕਤ ਲਾਇਸੰਸ ਸਿਰੰਡਰ ਕਰਨ ਲਈ ਦਰਖਾਸਤ ਦਿੱਤੀ ਗਈ ਸੀ। ਉਪਰੰਤ ਦਫ਼ਤਰ ਵਲੋਂ ਪੱਤਰ ਨੰ . 1377 ਰਾਹੀਂ ਮਾਮਲਾ ਪੜਤਾਲ ਤੇ ਰਿਪੋਰਟ ਲਈ ਐੱਸ. ਐੱਸ. ਪੀ. ਮੁਹਾਲੀ ਨੂੰ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਐਕਟ ਦੀ ਧਾਰਾ 8 (2) ਅਨੁਸਾਰ ਪੰਜਾਬੀ ਤੇ ਅੰਗਰੇਜ਼ੀ ਅਖ਼ਬਾਰਾਂ ‘ਚ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਅਤੇ ਉਨ੍ਹਾਂ ਦੀਆਂ ਅਸਲ ਕਾਪੀਆਂ ਸਮੇਤ ਪਾਰਟਨਰਸ਼ਿਪ ਖ਼ਤਮ ਕਰਨ ਸੰਬੰਧੀ ਡਿਸੋਲੂਸ਼ਨ ਡੀਡ ਪੇਸ਼ ਕਰਨ ਲਈ ਵੀ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਐੱਸ. ਐੱਸ. ਪੀ. ਮੁਹਾਲੀ ਵਲੋਂ ਭੇਜੀ ਗਈ ਰਿਪੋਰਟ ‘ਚ ਸਪੱਸ਼ਟ ਕੀਤਾ ਗਿਆ ਕਿ ਪੜਤਾਲ ਦੌਰਾਨ ਫਰਮ ਦਾ ਦਫ਼ਤਰ ਬੰਦ ਪਾਇਆ ਤੇ ਸੰਬੰਧਿਤ ਲਾਇਸੰਸਧਾਰਕਾਂ ਦਾ ਕੋਈ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆ ਇਆ। ਰਿਪੋਰਟ ‘ਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਭਵਿੱਖ ‘ਚ ਕੋਈ ਤੱਥ ਸਾਹਮਣੇ ਆਉਣ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਲਾਇਸੰਸੀ ਵਲੋਂ ਬੀਤੀ 13 ਅਪ੍ਰੈਲ ਨੂੰ ਦੋ ਅਖ਼ਬਾਰਾਂ ‘ਚ ਪ੍ਰਕਾਸ਼ਿਤ ਇਸ਼ਤਿਹਾਰਾਂ ਦੀਆਂ ਅਸਲ ਕਾਪੀਆਂ ਤੇ ਪਾਰਟਨਰਸ਼ਿਪ ਭੰਗ ਕਰਨ ਸੰਬੰਧੀ ਡਿਸੋਲੂਸ਼ਨ ਡੀਡ ਵੀ ਦਫ਼ਤਰ ‘ਚ ਜਮ੍ਹਾਂ ਕਰਵਾ ਦਿੱਤੀ ਗਈ ਸੀ। ਦਫ਼ਤਰੀ ਰਿਕਾਰਡ ਅਨੁਸਾਰ ਇਸ ਸੰਬੰਧੀ ਹੁਣ ਤੱਕ ਫਰਮ ਵਿਰੁੱਧ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਪਰੋਕਤ ਤੱਥਾਂ ਤੇ ਪੜਤਾਲ ਰਿਪੋਰਟ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀ ਧਾਰਾ 8 (1) ਅਧੀਨ ਫਰਮ ਨੂੰ ਲਾਇਸੰਸ ਸਿਰੰਡਰ ਕਰਨ ਦੀ ਪ੍ਰਵਾਨਗੀ ਦਿੰਦਿਆਂ ਲਾਇਸੰਸ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।