22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਡੇਰਾਬੱਸੀ ਸੜਕ ਕਿਨਾਰੇ ਬਿਨਾਂ ਲਾਈਟਾਂ ਖੜ੍ਹਾ ਟਰਾਲਾ ਬਣਿਆ ਮੌਤ ਦਾ ਕਾਰਨ

ਡੇਰਾਬੱਸੀ, 21 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ-ਬਰਵਾਲਾ ਸੜਕ ‘ਤੇ ਪਿੰਡ ਭਗਵਾਨਪੁਰ ਨੇੜੇ ਬਿਨਾਂ ਕਿਸੇ ਸੁਰੱਖਿਆ ਸੰਕੇਤ, ਲਾਈਟ ਜਾਂ ਰਿਫਲੈਕਟਰ ਤੋਂ ਸੜਕ ਕਿਨਾਰੇ ਖੜ੍ਹਾ ਕੀਤਾ ਟਰਾਲਾ ਇਕ ਨੌਜਵਾਨ ਲਈ ਕਾਲ ਬਣ ਗਿਆ। ਦੇਰ ਰਾਤ ਇਸ ਟਰਾਲੇ ਨਾਲ ਸਵਿਫ਼ਟ ਕਾਰ ਦੀ ਹੋਈ ਭਿਆਨਕ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦੇ ਦੋ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਮ੍ਰਿਤਕ ਸਵਨ ਕੁਮਾਰ ਦੀ ਪੁਰਾਣੀ ਤਸਵੀਰ । 22-10-2026
ਡੇਰਾਬੱਸੀ, 21 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ-ਬਰਵਾਲਾ ਸੜਕ ‘ਤੇ ਪਿੰਡ ਭਗਵਾਨਪੁਰ ਨੇੜੇ ਬਿਨਾਂ ਕਿਸੇ ਸੁਰੱਖਿਆ ਸੰਕੇਤ, ਲਾਈਟ ਜਾਂ ਰਿਫਲੈਕਟਰ ਤੋਂ ਸੜਕ ਕਿਨਾਰੇ ਖੜ੍ਹਾ ਕੀਤਾ ਟਰਾਲਾ ਇਕ ਨੌਜਵਾਨ ਲਈ ਕਾਲ ਬਣ ਗਿਆ। ਦੇਰ ਰਾਤ ਇਸ ਟਰਾਲੇ ਨਾਲ ਸਵਿਫ਼ਟ ਕਾਰ ਦੀ ਹੋਈ ਭਿਆਨਕ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦੇ ਦੋ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਖ਼ਮੀਆਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਸਵਨ ਕੁਮਾਰ ਪੁੱਤਰ ਰਕਮ ਸਿੰਘ ਮੂਲ ਵਾਸੀ ਪਿੰਡ ਬਾਗੋਵਾਲੀ ਜ਼ਿਲ੍ਹਾ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਅਤੇ ਹਾਲ ਵਾਸੀ ਪਿੰਡ ਪੰਡਵਾਲਾ ਡੇਰਾਬੱਸੀ ਵਜੋਂ ਹੋਈ ਹੈ। ਜਦਕਿ ਜ਼ਖ਼ਮੀਆਂ ਦੀ ਪਛਾਣ ਬਾਦਲ ਅਤੇ ਵਨੀਤ ਵਜੋਂ ਦੱਸੀ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਪੰਡਵਾਲਾ ਵਾਸੀ ਸੋਨੂੰ ਪੁੱਤਰ ਬ੍ਰਿਜਪਾਲ ਨੇ ਦੱਸਿਆ ਕਿ ਸੋਮਵਾਰ ਤੜਕੇ ਕਰੀਬ 2 ਵਜੇ ਉਹ ਆਪਣੇ ਸਾਥੀਆਂ ਸਮੇਤ ਸਵਿਫ਼ਟ ਕਾਰ ਵਿਚ ਡੇਰਾਬੱਸੀ ਵੱਲ ਆ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਪਿੰਡ ਭਗਵਾਨਪੁਰ ਨੇੜੇ ਪੁੱਜੀ ਤਾਂ ਸੜਕ ਕਿਨਾਰੇ ਖੜ੍ਹਾ ਟਰਾਲਾ ਹਾਦਸੇ ਦਾ ਕਾਰਨ ਬਣ ਗਿਆ। ਟਰਾਲੇ ‘ਤੇ ਨਾ ਤਾਂ ਕੋਈ ਲਾਈਟ ਜਗ ਰਹੀ ਸੀ ਅਤੇ ਨਾ ਹੀ ਪਿੱਛੇ ਰਿਫਲੈਕਟਰ ਲੱਗੇ ਹੋਏ ਸਨ। ਇਸ ਦੌਰਾਨ ਸਾਹਮਣਿਓਂ ਆ ਰਹੇ ਵਾਹਨਾਂ ਦੀਆਂ ਤੇਜ਼ ਲਾਈਟਾਂ ਕਾਰਨ ਚਾਲਕ ਨੂੰ ਖੜ੍ਹਾ ਟਰਾਲਾ ਸਮੇਂ ਸਿਰ ਦਿਖਾਈ ਨਹੀਂ ਦਿੱਤਾ ਅਤੇ ਕਾਰ ਸਿੱਧੀ ਉਸ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਟੱਕਰ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਸਵਨ ਕੁਮਾਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਪਾਸੇ ਬਾਦਲ ਅਤੇ ਵਨੀਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ, ਜਿਥੋਂ ਦੋਵਾਂ ਨੂੰ ਅਗਲੇ ਇਲਾਜ ਲਈ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਟਰਾਲਾ ਚਾਲਕ ਦੀ ਲਾਪਰਵਾਹੀ ਸੰਬੰਧੀ ਪੁਲਿਸ ਵਲੋਂ ਜਾਂਚ ਸ਼ੁਰੂ ਮਾਮਲੇ ਸੰਬੰਧੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੋਨੂੰ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਹਾਦਸੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਨੇ ਇਕ ਵਾਰ ਫਿਰ ਰਾਤ ਸਮੇਂ ਮੁੱਖ ਸੜਕਾਂ ਦੇ ਕਿਨਾਰਿਆਂ ‘ਤੇ ਬਿਨਾਂ ਲਾਈਟਾਂ ਅਤੇ ਰਿਫਲੈਕਟਰਾਂ ਤੋਂ ਖੜ੍ਹੇ ਕੀਤੇ ਜਾਂਦੇ ਭਾਰੀ ਵਾਹਨਾਂ ਕਾਰਨ ਪੈਦਾ ਹੋਣ ਵਾਲੇ ਜਾਨਲੇਵਾ ਖ਼ਤਰੇ ਨੂੰ ਉਜਾਗਰ ਕਰ ਦਿੱਤਾ ਹੈ।
ਪਿਛਲੀ ਖ਼ਬਰ ਕਿਸਾਨ ਭਵਨ ਵਿਖੇ ਪੈਨਸ਼ਨਰਾਂ ਦੇ ਇਜਲਾਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨ... ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਵਲੋਂ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।