ਸੜਕ ਹਾਦਸੇ ’ ਚ ਜ਼ਖਮੀ ਹੋਏ ਨੌਜਵਾਨ ਦੀ ਜ਼ੇਰੇ ਇਲਾਜ ਮੌਤ
ਡੇਰਾਬੱਸੀ, 7 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਇਲਾਕੇ ਵਿਚ ਸੜਕ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿੰਡ ਧਨੌਨੀ ਨੇੜੇ ਦੋ ਮੋਟਰਸਾਈਕਲਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਨੇ ਇਕ ਨੌਜਵਾਨ ਦੀ ਜਾਨ ਲੈ ਲਈ, ਜਦਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ।
ਡੇਰਾਬੱਸੀ, 7 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਇਲਾਕੇ ਵਿਚ ਸੜਕ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿੰਡ ਧਨੌਨੀ ਨੇੜੇ ਦੋ ਮੋਟਰਸਾਈਕਲਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਨੇ ਇਕ ਨੌਜਵਾਨ ਦੀ ਜਾਨ ਲੈ ਲਈ, ਜਦਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਹਾਦਸੇ ਮਗਰੋਂ ਦੂਜੇ ਮੋਟਰਸਾਈਕਲ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਜ਼ਖ਼ਮੀ ਨੌਜਵਾਨ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਫ਼ਰਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਪ੍ਰੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਪਰਾਗਪੁਰ ਨੇ ਦੱਸਿਆ ਕਿ 5 ਅਕਤੂਬਰ ਦੀ ਰਾਤ ਕਰੀਬ ਸਾਢੇ 10 ਵਜੇ ਉਹ ਆਪਣੇ ਦੋਸਤ ਸੰਦੀਪ ਸਿੰਘ ਵਾਸੀ ਪਿੰਡ ਡੇਰਾ ਜਗਾਧਰੀ ਨਾਲ ਸਪਲੈਂਡਰ ਪਲੱਸ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਮਹਿਮਦਪੁਰ ਵਾਲੇ ਪਾਸਿਓਂ ਡੇਰਾਬੱਸੀ ਵੱਲ ਆ ਰਹੇ ਸਨ। ਜਦੋਂ ਉਹ ਪਿੰਡ ਧਨੌਨੀ ਸਥਿਤ ਇੰਡੀਅਨ ਆਇਲ ਪੈਟਰੋਲ ਪੰਪ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ.-65 ਏ . ਐਮ.-3615 ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਮੋਟਰਸਾਈਕਲ ਨੂੰ ਉਸ ਦਾ ਚਾਲਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ ਅਤੇ ਉਸ ਨੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਸਪ੍ਰੀਤ ਅਤੇ ਸੰਦੀਪ ਸੜਕ ‘ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਰਾਹਗੀਰਾਂ ਨੇ ਦੋਵਾਂ ਨੂੰ ਸੰਭਾਲਿਆ ਅਤੇ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਪਹੁੰਚਾਇਆ। ਉੱਥੇ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਸੰਦੀਪ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦਕਿ ਜਸਪ੍ਰੀਤ ਸਿੰਘ ਦਾ ਇਲਾਜ ਜਾਰੀ ਹੈ। ਇਸ ਦੌਰਾਨ ਟੱਕਰ ਮਾਰਨ ਵਾਲਾ ਮੋਟਰਸਾਈਕਲ ਚਾਲਕ ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਜਸਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦੀਪਕ ਵਾਸੀ ਪਿੰਡ ਚੰਡਿਆਲਾ, ਥਾਣਾ ਡੇਰਾਬੱਸੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।