28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਫੇਜ਼-9 ਦੀ ਮਾਰਕੀਟ ’ਚ ਪਤੀ ਨੇ ਪਤਨੀ ਦੀ ਗਰਦਨ ’ਤੇ ਚਾਕੂ ਨਾਲ ਕੀਤਾ ਹਮਲਾ

ਐੱਸ. ਏ.

ਅਜੀਤ ਡੈਸਕ 28-08-2026
ਐੱਸ. ਏ. ਐੱਸ. ਨਗਰ, 27 ਅਗਸਤ (ਕਪਿਲ ਵਧਵਾ)- ਮੁਹਾਲੀ ਦੇ ਫੇਜ਼-9 ਦੀ ਮੇਨ ਮਾਰਕੀਟ ਵਿਚ ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਵਲੋਂ ਆਪਣੀ ਪਤਨੀ ਦੀ ਗਰਦਨ ’ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨੂੰ ਬਚਾਉਣ ਲਈ ਉਸ ਦੇ ਨਾਲ ਮੌਜੂਦ ਇਕ ਵਿਅਕਤੀ ਨੇ ਪਤੀ ਦੇ ਸਿਰ ’ਤੇ ਇੱਟ ਮਾਰ ਦਿੱਤੀ। ਘਟਨਾ ਵਿਚ ਪਤੀ-ਪਤਨੀ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜ਼ਖ਼ਮੀ ਪਤੀ ਦੀ ਪਛਾਣ ਗੁਰਦੀਪ ਸਿੰਘ ਅਤੇ ਪਤਨੀ ਦੀ ਪਛਾਣ ਕੁਲਵੰਤ ਕੌਰ ਵਜੋਂ ਹੋਈ ਹੈ। ਦੋਵਾਂ ਵਿਚ ਪਿਛਲੇ ਕਰੀਬ ਡੇਢ ਸਾਲ ਤੋਂ ਘਰੇਲੂ ਝਗੜਾ ਚੱਲ ਰਿਹਾ ਹੈ ਅਤੇ ਦੋਵੇਂ ਵੱਖ-ਵੱਖ ਰਹਿ ਰਹੇ ਹਨ। ਦੋਵਾਂ ਵਿਚਾਲੇ ਚੱਲ ਰਿਹਾ ਮਾਮਲਾ ਅਦਾਲਤ ਵਿਚ ਵੀ ਵਿਚਾਰ ਅਧੀਨ ਹੈ। ਕੁਲਵੰਤ ਕੌਰ ਵਲੋਂ ਪਤੀ ਤੋਂ ਗੁਜ਼ਾਰਾ ਭੱਤਾ ਲੈਣ ਲਈ ਵੀ ਅਦਾਲਤ ਵਿਚ ਕੇਸ ਦਾਇਰ ਕੀਤਾ ਹੋਇਆ ਹੈ। ਪੁਲਿਸ ਮੁਤਾਬਿਕ ਗੁਰਦੀਪ ਸਿੰਘ ਨੇ ਫੇਜ਼-9 ਦੀ ਮਾਰਕੀਟ ਵਿਚ ਆਪਣੀ ਪਤਨੀ ਕੁਲਵੰਤ ਕੌਰ ਨੂੰ ਕਿਸੇ ਹੋਰ ਵਿਅਕਤੀ ਨਾਲ ਦੇਖ ਲਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ। ਦੋਸ਼ ਹੈ ਕਿ ਇਸ ਦੌਰਾਨ ਗੁਰਦੀਪ ਸਿੰਘ ਨੇ ਚਾਕੂ ਨਾਲ ਆਪਣੀ ਪਤਨੀ ਦੀ ਗਰਦਨ ’ਤੇ ਵਾਰ ਕਰ ਦਿੱਤਾ। ਕੁਲਵੰਤ ਕੌਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੇ ਨਾਲ ਮੌਜੂਦ ਵਿਅਕਤੀ ਨੇ ਦਖ਼ਲ ਦਿੰਦਿਆਂ ਗੁਰਦੀਪ ਸਿੰਘ ਦੇ ਸਿਰ ’ਤੇ ਇੱਟ ਮਾਰ ਦਿੱਤੀ। ਇੱਟ ਵੱਜਣ ਕਾਰਨ ਗੁਰਦੀਪ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਕੁਲਵੰਤ ਕੌਰ ਦਾ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ, ਜਦਕਿ ਗੁਰਦੀਪ ਸਿੰਘ ਦਾ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਿਸ ਵਲੋਂ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਵਿਚ ਦਾਖ਼ਲ ਹਨ। ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਖਰੜ-ਲਾਂਡਰਾਂ ਹਾਈਵੇਅ ’ਤੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੌਰਾਨ ਵਰਤੀ ਜਾ ਰਹੀ ਹੈ ਲਾਹਪ੍ਰਵਾਹੀ ਅਖਿਲ ਭਾਰਤੀ ਗਾਹਕ... ਅਗਲੀ ਖ਼ਬਰ ਮਹਾਂ - ਹੜਤਾਲ ਦੇ ਸੱਦੇ ਨੂੰ ਮੁਹਾਲੀ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਦਿੱਤਾ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।