ਪੰਚਕੂਲਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 125 ਪੇਟੀਆਂ ਬਰਾਮਦ
ਪੰਚਕੂਲਾ, 18 ਨਵੰਬਰ (ਕਪਿਲ)- ਪੰਚਕੂਲਾ ਪੁਲਿਸ ਵਲੋਂ ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਨਸ਼ਿਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ‘ਤੇ ਰੋਕ ਲਗਾਉਣ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਸ਼ੱਕੀ ਵਾਹਨਾਂ ‘ਤੇ ਨਜ਼ਰ ਰੱਖਦਿਆਂ ਗਸ਼ਤ ਅਤੇ ਨਾਕਾਬੰਦੀ ਕਰ ਰਹੀਆਂ ਹਨ।
ਪੰਚਕੂਲਾ, 18 ਨਵੰਬਰ (ਕਪਿਲ)- ਪੰਚਕੂਲਾ ਪੁਲਿਸ ਵਲੋਂ ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਨਸ਼ਿਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ‘ਤੇ ਰੋਕ ਲਗਾਉਣ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਸ਼ੱਕੀ ਵਾਹਨਾਂ ‘ਤੇ ਨਜ਼ਰ ਰੱਖਦਿਆਂ ਗਸ਼ਤ ਅਤੇ ਨਾਕਾਬੰਦੀ ਕਰ ਰਹੀਆਂ ਹਨ। ਇਸੇ ਤਹਿਤ ਕ੍ਰਾਈਮ ਬ੍ਰਾਂਚ-1, ਸੈਕਟਰ-26 ਪੰਚਕੂਲਾ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਦਿੱਲੀ ਗ਼ੈਰ-ਕਾਨੂੰਨੀ ਤੌਰ ‘ਤੇ ਸਪਲਾਈ ਕੀਤੀ ਜਾ ਰਹੀ ਅੰਗਰੇਜ਼ੀ ਸ਼ਰਾਬ ਦੀਆਂ 125 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਸ਼ਰਾਬ ਨਾਲ ਭਰੀ ਪਿਕਅੱਪ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਇਸ ਦੇ ਚਾਲਕ ਅਮਨਦੀਪ ਉਰਫ਼ ਅਮਨ ਵਾਸੀ ਪਿੰਡ ਗਰਾਡਸੀ ਥਾਣਾ ਜਯੋਤਿਸਰ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸ਼ਰਾਬ ਦੀ ਅੰਦਾਜ਼ਨ ਕੀਮਤ ਕਰੀਬ ਸਾਢੇ 7 ਲੱਖ ਰੁ. ਦੱਸੀ ਜਾ ਰਹੀ ਹੈ। ਏ. ਸੀ. ਪੀ. ਕ੍ਰਾਈਮ ਵਿਕਰਮ ਨੇਹਰਾ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਨਵੰਬਰ ਨੂੰ ਕ੍ਰਾਈਮ ਬ੍ਰਾਂਚ-1 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮਨਦੀਪ ਉਰਫ਼ ਅਮਨ ਆਪਣੀ ਪਿਕਅੱਪ ਗੱਡੀ ਵਿਚ ਚੰਡੀਗੜ੍ਹ ਤੋਂ ਨਾਜਾਇਜ਼ ਸ਼ਰਾਬ ਲੱਦ ਕੇ ਬਰਵਾਲਾ ਰੋਡ ਦੇ ਪੁਰਾਣੇ ਬਾਈਪਾਸ ਰਾਹੀਂ ਪਿੰਡ ਰਿਹੋੜ ਵੱਲ ਜਾਣ ਵਾਲਾ ਹੈ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਇੰਚਾਰਜ ਮਨੋਜ ਦੀ ਅਗਵਾਈ ਹੇਠ ਟੀਮ ਨੇ ਤੁਰੰਤ ਪੁਰਾਣੇ ਬਾਈਪਾਸ ਰੋਡ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਪਿਕਅੱਪ ਗੱਡੀ ਮੌਕੇ ‘ਤੇ ਪਹੁੰਚੀ, ਜਿਸ ਨੂੰ ਪੁਲਿਸ ਨੇ ਰੋਕ ਕੇ ਜਾਂਚ ਕੀਤੀ। ਗੱਡੀ ‘ਤੇ ਨੀਲੇ ਰੰਗ ਦੀ ਤਿਰਪਾਲ ਬੰਨ੍ਹੀ ਹੋਈ ਸੀ। ਤਿਰਪਾਲ ਹਟਾ ਕੇ ਜਾਂਚ ਕਰਨ ‘ਤੇ ਗੱਡੀ ਵਿਚ ਗੱਤੇ ਦੀਆਂ ਪੇਟੀਆਂ ਭਰੀਆਂ ਮਿਲੀਆਂ। ਤਲਾਸ਼ੀ ਦੌਰਾਨ ਕੁੱਲ 125 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਪੁਲਿਸ ਵਲੋਂ ਚਾਲਕ ਤੋਂ ਸ਼ਰਾਬ ਦਾ ਲਾਇਸੈਂਸ ਜਾਂ ਪਰਮਿਟ ਮੰਗਿਆ ਗਿਆ, ਪਰ ਉਹ ਕੋਈ ਵੀ ਵੈਧ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਡੀ.ਸੀ.ਪੀ. ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਚੰਡੀਮੰਦਰ ਵਿਖੇ ਮੁਲਜ਼ਮ ਅਮਨਦੀਪ ਉਰਫ਼ ਅਮਨ ਖ਼ਿਲਾਫ਼ ਹਰਿਆਣਾ ਸੋਧਿਆ ਹੋਇਆ ਆਬਕਾਰੀ ਐਕਟ ਦੀ ਧਾਰਾ 61(1) (ਏ) ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ ਮੁਲਜ਼ਮ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਤੋਂ ਲਿਆਂਦੀ ਗਈ ਇਹ ਨਾਜਾਇਜ਼ ਸ਼ਰਾਬ ਦਿੱਲੀ ਵਿਚ ਸਪਲਾਈ ਕੀਤੀ ਜਾਣੀ ਸੀ, ਪਰ ਪੰਚਕੂਲਾ ਪੁਲਿਸ ਨੇ ਤਸਕਰੀ ਦੀ ਇਸ ਖੇਪ ਨੂੰ ਰਾਹ ਵਿਚ ਹੀ ਕਾਬੂ ਕਰ ਲਿਆ। ਪੁਲਿਸ ਕਮਿਸ਼ਨਰ ਆਈ. ਪੀ. ਐੱਸ. ਪੰਕਜ ਨੈਨ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮ ਤੋਂ ਸ਼ਰਾਬ ਸਪਲਾਈ ਕਰਨ ਵਾਲੇ ਮੁੱਖ ਸਪਲਾਇਰ ਦੀ ਪਛਾਣ ਅਤੇ ਗ੍ਰਿਫ਼ਤਾਰੀ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਵਲੋਂ ਇਸ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।