ਚੰਡੀਗੜ੍ਹ, 11 ਅਗਸਤ (ਕਪਿਲ ਵਧਵਾ)- ਆਈ.ਟੀ. ਪਾਰਕ ਥਾਣਾ ਪੁਲਿਸ ਨੇ ਮਨੀਮਾਜਰਾ ਦੇ ਸ਼ੀਤਲਾ ਮਾਤਾ ਮੰਦਰ ਨੇੜੇ ਸਕੂਟੀ ਸਵਾਰ ਔਰਤ ਤੋਂ ਪਰਸ ਝਪਟਣ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਿਲਾਲ (28) ਵਾਸੀ ਮੋਰੀ ਗੇਟ, ਮਨੀਮਾਜਰਾ ਅਤੇ ਅਮਨ (28) ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਝਪਟਿਆ ਹੋਇਆ ਪਰਸ, ਏ.ਟੀ.ਐੱਮ. ਕਾਰਡ, ਆਧਾਰ ਕਾਰਡ, ਵੋਟਰ ਕਾਰਡ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ 7 ਅਗਸਤ ਦੀ ਸ਼ਾਮ ਕਰੀਬ 6.32 ਵਜੇ ਮੰਦੀਪ ਕੌਰ ਸਕੂਟੀ ‘ਤੇ ਜਾ ਰਹੀ ਸੀ ਤਾਂ ਦੋ ਨੌਜਵਾਨਾਂ ਨੇ ਉਸ ਦੀ ਸਕੂਟੀ ਰੋਕ ਕੇ ਬੇਬੀ ਪਿੰਕ ਰੰਗ ਦਾ ਪਰਸ ਝਪਟ ਲਿਆ ਸੀ। ਪਰਸ ਵਿਚ ਸੋਨੇ ਦੀ ਅੰਗੂਠੀ, ਕਰੀਬ 2500 ਰੁਪਏ ਨਕਦ, ਦਸਤਾਵੇਜ਼, ਬੈਂਕ ਡੈਬਿਟ ਕਾਰਡ, ਐਨਕ ਅਤੇ ਸਕੂਟੀ ਦੀ ਆਰ.ਸੀ. ਸੀ। ਇਸ ਸਬੰਧੀ ਆਈ.ਟੀ. ਪਾਰਕ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਟੀਮ ਨੇ ਦੋਵਾਂ ਨੂੰ ਕਾਬੂ ਕਰ ਲਿਆ। ਮੁਲਜ਼ਮ ਬਿਲਾਲ ਦੀ ਨਿਸ਼ਾਨਦੇਹੀ ‘ਤੇ ਚੋਰੀ ਦੀਆਂ ਦੋ ਹੌਂਡਾ ਐਕਟਿਵਾ ਸਕੂਟੀਆਂ ਵੀ ਬਰਾਮਦ ਕੀਤੀਆਂ ਗਈਆਂ। ਪੁਲਿਸ ਮੁਤਾਬਕ ਬਿਲਾਲ ਖ਼ਿਲਾਫ਼ ਪੰਚਕੂਲਾ ਦੇ ਸੈਕਟਰ-14 ਥਾਣੇ ਵਿਚ ਪਹਿਲਾਂ ਵੀ ਚੋਰੀ ਦੇ ਚਾਰ ਮਾਮਲੇ ਦਰਜ ਹਨ। ਅਮਨ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ, ਜਦਕਿ ਬਿਲਾਲ ਨੂੰ ਪੁਲਿਸ ਰਿਮਾਂਡ ਉਪਰੰਤ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ। 11 ਸੀਐਚਡੀ39 ਔਰਤ ਕੋਲੋਂ ਪਰਸ ਝਪਟਣ ਦੇ ਮਾਮਲੇ ਵਿਚ ਗ੍ਰਿਫਤਾਰ ਦੋਨੋਂ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ ਅਤੇ ਲੁੱਟਿਆ ਗਿਆ ਪਰਸ ਤੇ ਵਾਰਦਾਤ ਵਿਚ ਵਰਤੀ ਗਈ ਐਕਟਿਵਾ । ਤਸਵੀਰ : ਗੁਰਿੰਦਰ ਸਿੰਘ