ਪੰਚਕੂਲਾ, 16 ਮਈ (ਕਪਿਲ)-ਪੰਚਕੂਲਾ ਦੇ ਪਿੰਜੌਰ ਖੇਤਰ 'ਚ ਪੁਲਿਸ ਨੇ ਗ਼ੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮਾਈਨਿੰਗ ਸਮੱਗਰੀ ਨਾਲ ਭਰੇ ਇਕ ਟਿੱਪਰ ਬਿਨਾਂ ਈ-ਰਵਾਨਾ ਬਿੱਲ ਤੋਂ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਪਿੰਜੌਰ ਥਾਣਾ ਖੇਤਰ ਦੇ ਸੁੱਖੋਮਾਜਰੀ ਬਾਈਪਾਸ ਨੇੜੇ ਥਾਣਾ ਮੁਖੀ ਇੰਸਪੈਕਟਰ ਬੱਚੂ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ 'ਤੇ ਲਗਾਏ ਗਏ ਨਾਕੇ 'ਤੇ ਇਕ ਸ਼ੱਕੀ ਟਿੱਪਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ | ਪੁਲਿਸ ਟੀਮ ਵਲੋਂ ਵਾਹਨ ਦੀ ਜਾਂਚ ਦੌਰਾਨ ਚਾਲਕ ਤੋਂ ਜਦੋਂ ਈ-ਰਵਾਨਾ ਬਿੱਲ ਮੰਗਿਆ ਗਿਆ ਤਾਂ ਉਹ ਕੋਈ ਢੁਕਵਾਂ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ | ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਅਮਰਾਵਤੀ ਚੌਕੀ ਵਿਖੇ ਖੜ੍ਹਾ ਕਰ ਦਿੱਤਾ ਅਤੇ ਬਾਅਦ 'ਚ ਮਾਈਨਿੰਗ ਵਿਭਾਗ ਨੂੰ ਸੂਚਿਤ ਕੀਤਾ | ਇਸ ਤੋਂ ਬਾਅਦ ਮੌਕੇ 'ਤੇ ਪੁੱਜੀ ਮਾਈਨਿੰਗ ਵਿਭਾਗ ਦੀ ਟੀਮ ਦੀ ਮੌਜੂਦਗੀ 'ਚ ਅੱਜ ਵਾਹਨ ਨੂੰ ਨਿਯਮਾਂ ਅਨੁਸਾਰ ਜਬਤ ਕਰ ਲਿਆ ਗਿਆ |