ਕੈਲਗਰੀ, 16 ਅਕਤੂਬਰ (ਜਸਜੀਤ ਸਿੰਘ ਧਾਮੀ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਕੈਲਗਰੀ ਸ਼ਹਿਰ ਦੇ ਉੱਤਰੀ ਹਿੱਸੇ ਦੀ ਇਕ ਰੁਝੇਵੇਂ ਭਰੀ ਸੜਕ ਤੇ ਵਾਪਰੇ ਇਕ ਲੜੀਵਾਰ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ ਦੌਰਾਨ ਕੈਲਗਰੀ ਟਰਾਂਜ਼ਿਟ ਦੀਆਂ ਦੋ ਬੱਸਾਂ ਨੂੰ ਅੱਗ ਲੱਗ ਗਈ। ਪੁਲਿਸ ਸਟਾਫ਼ ਸਾਰਜੈਂਟ ਐਂਡੀ ਵੁੱਡਵਰਡ ਨੇ ਦੱਸਿਆ ਕਿ ਇਹ ਦੁਖਾਂਤ ਉਦੋਂ ਸ਼ੁਰੂ ਹੋਇਆ ਜਦੋਂ ਇਕ ਟਰਾਂਜ਼ਿਟ ਬੱਸ ਇਕ ਕਾਰ ਨਾਲ ਟਕਰਾ ਗਈ, ਜਿਸ ਕਾਰਨ ਉਹ ਕਾਰ ਅੱਗੇ ਹੋਰ ਵਾਹਨਾਂ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਟੱਕਰ ਤੋਂ ਬਾਅਦ ਬੱਸ ਚੌਰਾਹੇ ਵਿਚੋਂ ਹੁੰਦੀ ਹੋਈ ਅੱਗੇ ਵਧੀ ਅਤੇ ਬੱਸ ਸਟਾਪ ’ਤੇ ਖੜ੍ਹੀ ਇਕ ਹੋਰ ਟਰਾਂਜ਼ਿਟ ਬੱਸ ਨਾਲ ਜਾ ਟਕਰਾਈ। ਇਸ ਨਾਲ ਅੱਗ ਲੱਗ ਗਈ ਅਤੇ ਦੂਜੀ ਬੱਸ ਸੜਕ ਦੇ ਦੂਜੇ ਪਾਸੇ ਜਾ ਕੇ ਤਿੰਨ ਹੋਰ ਵਾਹਨਾਂ ਨਾਲ ਟਕਰਾ ਗਈ।
ਉਨ੍ਹਾਂ ਦੱਸਿਆ ਕਿ ਦੂਜੀ ਬੱਸ ਕੁਦਰਤੀ ਗੈਸ ’ਤੇ ਚੱਲਦੀ ਸੀ, ਜਿਸ ਕਾਰਨ ਅੱਗ ਲੱਗ ਗਈ।ਦੂਜੀ ਬੱਸ ਦੀ ਛੱਤ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ, ਜਿਸ ਕਰਕੇ ਅਸਮਾਨ ਵਿਚ ਅੱਗ ਦੀਆਂ ਲਾਟਾਂ ਦਿਖਾਈ ਦਿੱਤੀਆ। ਜਿਸ ਬੱਸ ਕਾਰਨ ਇਹ ਲੜੀਵਾਰ ਹਾਦਸਾ ਸ਼ੁਰੂ ਹੋਇਆ,ਉਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਪਿਚਕਿਆ ਅਤੇ ਨੁਕਸਾਨਿਆ ਹੋਇਆ ਸੀ, ਅਤੇ ਇਸ ਦਾ ਸਟੀਅਰਿੰਗ ਵੀਲ੍ਹ ਅੱਗ ਦੀਆਂ ਲਪਟਾਂ ਦੇ ਹੇਠਾਂ ਲਟਕ ਰਿਹਾ ਸੀ।ਵੁੱਡਵਰਡ ਨੇ ਕਿਹਾ ਮੈਂ 36 ਸਾਲਾਂ ਤੋਂ ਪੁਲਿਸ ਅਧਿਕਾਰੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਸਭ ਤੋਂ ਵੱਡਾ ਹਾਦਸਾ ਹੈ, ਜਿਸ ਤੇ ’ਮੈਂ ਕੰਮ ਕੀਤਾ ਹੈ।ਈ.ਐਮ.ਐਸ.ਦੇ ਬੁਲਾਰੇ ਐਡਮ ਲੋਰੀਆ ਨੇ ਦੱਸਿਆ ਕਿ ਕੁੱਲ 19 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 10 ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਇਸ ਅੰਕੜੇ ਵਿਚ ਤਿੰਨ ਮ੍ਰਿਤਕ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚ ਇਕ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਇਆ ਹੈ ਅਤੇ ਉਸਨੂੰ ਹਸਪਤਾਲ ਭੇਜਿਆ ਗਿਆ ਹੈ।ਲੋਰੀਆ ਨੇ ਕਿਹਾ ਕਿ ਇਹ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ। ਕੈਲਗਰੀ ਦੇ ਮੇਅਰ ਜੇਰਮੀ ਫਾਰਕਾਸ ਨੇ ਕਿਹਾ ਕਿ ਉਹ ਮੌਤਾਂ ਅਤੇ ਜ਼ਖ਼ਮੀਆਂ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਨ।ਉਨਾਂ ਸੋਸ਼ਲ ਮੀਡੀਆ ਤੇ ਕਿਹਾ ਕਿ ਜੋ ਕੁਝ ਵਾਪਰਿਆ ਹੈ, ਉਸ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਵੀ ਆਨਲਾਈਨ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਮੇਰੀ ਡੂੰਘੀ ਹਮਦਰਦੀ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਇਸ ਸਮੇਂ ਕੌਸਲਰ ਰਾਜ ਧਾਲੀਵਾਲ,ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ,ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ ਅਤੇ ਸੰਸਦ ਜਸਰਾਜ ਸਿੰਘ ਹੱਲਣ ਨੇ ਇਸ ਹਾਦਸੇ ਵਿਚ ਜਾਨਾਂ ਗੁਆ ਚੁੱਕੇ ਅਤੇ ਜ਼ਖਮੀ ਹੋਏ ਵਿਅਕਤੀਆ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।