15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੌਂਸਲ ਚੋਣਾਂ ਮੁਲਤਵੀ ਹੋਣ ਦੇ ਬਾਵਜੂਦ ਵੀ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਵੀ ਉਮੀਦਵਾਰਾਂ ਵਲੋਂ ਦਾਖ਼ਲ ਕੀਤੇ ਗਏ ਨਾਮਜ਼ਦਗੀ ਪੇਪਰ

ਖਰੜ ਦੇ ਵਾ. ਨੰ. 4 ਤੋਂ ਇਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਦਾ ਹੋਇਆ | ਤਸਵੀਰ : ਜੰਡਪੁਰੀ <br/> 17-05-2026
ਖਰੜ, 16 ਮਈ (ਜੰਡਪੁਰੀ)- 26 ਮਈ ਨੂੰ ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਸੰਬੰਧ 'ਚ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਵੀ ਕਈ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ, ਜਦਕਿ ਹਾਈਕੋਰਟ ਵੱਲੋਂ ਨਗਰ ਕੌਂਸਲ ਖਰੜ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਨਗਰ ਕੌਂਸਲ ਖਰੜ ਲਈ ਅੱਜ ਤੱਕ 103 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ | ਇਸ ਸੰਬੰਧੀ ਖਰੜ ਦੇ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਸੰਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਚੋਣ ਪ੍ਰਕਿਰਿਆ ਜਾਰੀ ਰੱਖੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਤੇ ਰਾਜ ਚੋਣ ਕਮਿਸ਼ਨਰ ਵੱਲੋਂ ਚੋਣਾਂ ਮੁਲਤਵੀ ਹੋਣ ਸੰਬੰਧੀ ਕੋਈ ਵੀ ਪੱਤਰ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਜਦੋਂ ਇਸ ਸੰਬੰਧੀ ਉਨ੍ਹਾਂ ਨੂੰ ਅਗਲੇ ਹੁਕਮ ਜਾਰੀ ਹੋਣਗੇ ਤਾਂ ਉਹ ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰਨਗੇ | ਦੂਸਰੇ ਪਾਸੇ ਬੀਤੇ ਕੱਲ੍ਹ ਐਡਵੋਕੇਟ ਕਾਰਤਿਕ ਵੈਕਟਰ, ਜਿਨ੍ਹਾਂ ਨੇ 6 ਪਿੰਡਾਂ ਦੀਆਂ ਵੋਟਾਂ ਨਾ ਹੋਣ ਸੰਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਕੇਸ ਦਾਖ਼ਲ ਕੀਤਾ ਗਿਆ ਸੀ, ਨੇ ਦੱਸਿਆ ਸੀ ਕਿ ਨਗਰ ਕੌਂਸਲ ਖਰੜ ਦੀਆਂ ਚੋਣਾਂ ਮੁਲਤਵੀ ਹੋ ਗਈਆਂ ਹਨ, ਜਿਸ ਕਰ ਕੇ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਗਏ | ਚੋਣਾਂ ਮੁਲਤਵੀ ਹੋਣ ਸੰਬੰਧੀ ਸ਼ਸ਼ੋਪੰਜ 'ਚ ਹੋਣ ਕਰ ਕੇ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਅੱਜ ਦੁਪਹਿਰ ਬਾਅਦ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ ਹਨ ਜਦਕਿ ਕਈ ਸੰਭਾਵੀ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰਹਿ ਗਏ ਹਨ | ਇਸ ਕਰ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਤੇ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰਨ ਕਰ ਕੇ ਸਰਕਾਰ ਦੇ ਅਗਲੀ ਹੁਕਮਾਂ ਦੀ ਟੇਕ ਲਗਾਈ ਬੈਠੇ ਹਨ |
ਪਿਛਲੀ ਖ਼ਬਰ ਨਗਰ ਕੌਂਸਲ ਲਾਲੜੂ ਦੀਆਂ ਚੋਣਾਂ ਲਈ ਕੁੱਲ 131 ਨਾਮਜ਼ਦਗੀਆਂ ਦਾਖ਼ਲ ਅਗਲੀ ਖ਼ਬਰ 6 ਪਿੰਡਾਂ ਦੀ ਰਿੱਟ ਪਟੀਸ਼ਨ 'ਤੇ ਖਰੜ ਨਗਰ ਕੌਂਸਲ ਚੋਣ 'ਤੇ ਸਟੇਅ ਲੱਗਣਾ ਲੋਕਾਂ ਦੀ ਵੱਡੀ ਜਿੱਤ : ਪਵਨ ਮਨੋਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।