14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਰਾਜਪਾਲ ਵਲੋਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>

ਅਜੀਤ ਡੈਸਕ 17-05-2026
ਚੰਡੀਗੜ੍ਹ, 16 ਮਈ (ਸੁਖਵਿੰਦਰ ਸਿੰਘ ਸ਼ਾਨ) - ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਚ ਕਰਾਏ 'ਪ੍ਰਤਿਭਾਸ਼ਾਲੀ ਵਿਦਿਆਰਥੀ ਸਨਮਾਨ ਸਮਾਰੋਹ' ਦੌਰਾਨ ਸਰਕਾਰੀ ਸਕੂਲਾਂ ਦੇ 57 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਸੀ.ਬੀ.ਐੱਸ.ਈ. 12ਵੀਂ ਜਮਾਤ ਦੀ ਪ੍ਰੀਖਿਆ ਵਿਚ 95 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਪ੍ਰਸ਼ਾਸਕ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਕਰੀਅਰ ਕਾਉਂਸਿਲੰਗ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਲਈ ਸਹੀ ਮਾਰਗ ਦਰਸ਼ਨ ਪ੍ਰਦਾਨ ਕੀਤਾ ਜਾਵੇ | ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਤੇ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ ਉਦਯੋਗਪਤੀਆਂ ਤੇ ਦਾਨੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ | ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੰਦੇ ਹੋਏ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਸਮਰਪਣ, ਅਨੁਸ਼ਾਸਨ ਤੇ ਨਿਰੰਤਰ ਮਿਹਨਤ ਤੇ ਨਾਲ ਹੀ ਅਧਿਆਪਕਾਂ ਦੀ ਅਨਮੋਲ ਅਗਵਾਈ ਸਮੇਤ ਮਾਪਿਆਂ ਦੇ ਅਟੁੱਟ ਸਮਰਥਨ ਦਾ ਵੀ ਨਤੀਜਾ ਹੈ | ਕਟਾਰੀਆ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੇ ਚੰਡੀਗੜ੍ਹ ਨੂੰ ਮਾਣ ਦਿਵਾਇਆ ਹੈ ਤੇ ਜਨਤਕ ਸਿੱਖਿਆ ਪ੍ਰਣਾਲੀ ਵਿਚ ਲਗਾਤਾਰ ਵਧ ਰਹੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਜੀ.ਐਮ.ਐਸ.ਐਸ.ਐਸ. 35 ਦੇ ਵਿਦਿਆਰਥੀ ਅਨੂਪ ਸੈਣੀ, ਜਿਸ ਨੇ 99.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਪੀ.ਐਮ. ਸ਼੍ਰੀ ਜੀ.ਜੀ.ਐਮ.ਐਸ.ਐਸ.ਐਸ-18 ਦੀ ਵਿਦਿਆਰਥਣ ਵੰਸ਼ਿਕਾ ਜੈਨ ਜਿਸ ਨੇ ਸਿਹਤ ਚੁਣੌਤੀਆਂ ਦੇ ਬਾਵਜੂਦ 96 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਦੀ ਵੀ ਖ਼ੂਬ ਪ੍ਰਸੰਸਾ ਕੀਤੀ | ਰਾਜਪਾਲ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਵਿਚ ਨਿਰੰਤਰ ਸੁਧਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਾਲ ਸੀ.ਬੀ.ਐਸ.ਈ. ਜਮਾਤ 12ਵੀਂ ਦੀ ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਦਾ ਕੁੱਲ ਪਾਸ ਪ੍ਰਤੀਸ਼ਤ 87.25 ਰਿਹਾ, ਜੋ ਕਿ ਰਾਸ਼ਟਰੀ ਔਸਤ 85.2 ਪ੍ਰਤੀਸ਼ਤ ਤੋਂ 2.05 ਪ੍ਰਤੀਸ਼ਤ ਵੱਧ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ 57 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜੋ ਕਿ ਪਿਛਲੇ ਸਾਲ 29 ਸੀ, ਜੋ ਕਿ ਅਕਾਦਮਿਕ ਨਤੀਜਿਆਂ 'ਚ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ | ਇਸ ਸਾਲ 348 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜੋ ਕਿ ਪਿਛਲੇ ਸਾਲ 225 ਸੀ | ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਸ਼ਾਸਕ ਨੇ ਕਿਹਾ ਕਿ ਕੁੜੀਆਂ ਨੇ 90.55 ਪ੍ਰਤੀਸ਼ਤ ਦੀ ਪਾਸ ਪ੍ਰਤੀਸ਼ਤਤਾ ਪ੍ਰਾਪਤ ਕਰਕੇ ਰਾਸ਼ਟਰੀ ਔਸਤ ਨੂੰ ਪਾਰ ਕਰ ਲਿਆ ਹੈ, ਜੋ ਕਿ ਅਕਾਦਮਿਕ ਖੇਤਰ ਵਿਚ ਉਨ੍ਹਾਂ ਦੀ ਨਿਰੰਤਰ ਉੱਤਮਤਾ ਦੀ ਪੁਸ਼ਟੀ ਕਰਦਾ ਹੈ | ਪ੍ਰਸ਼ਾਸਕ ਨੇ ਪ੍ਰੋਗਰਾਮ ਦੇ ਸਫਲਤਾ ਲਈ ਸਿੱਖਿਆ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਵਧਾਈ ਦਿੱਤੀ | ਇਸ ਮੌਕੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ, ਸਕੂਲ ਸਿੱਖਿਆ ਦੇ ਡਾਇਰੈਕਟਰ ਨਿਤੀਸ਼ ਸਿੰਗਲਾ ਸਮੇਤ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |

ਪਿਛਲੀ ਖ਼ਬਰ ਸੈਂਟਰਲ ਸਟੇਟ ਲਾਇਬ੍ਰੇਰੀ 'ਚ ਨੌਜਵਾਨ ਕਵੀਆਂ ਨੇ ਆਪਣੀਆਂ ਨਜ਼ਮਾਂ ਦੀ ਸਜਾਈ ਮਹਿਫ਼ਿਲ <br/> ਅਗਲੀ ਖ਼ਬਰ ਸਰਵਪ੍ਰੇਮ ਅਤੇ ਪ੍ਰਯੋਗ ਫਾਊਾਡੇਸ਼ਨ ਨੇ ਸਰਕਾਰੀ ਸਕੂਲ 'ਚ ਕਰਾਇਆ ਜਾਗਰੂਕਤਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।