ਐੱਸ. ਏ. ਐੱਸ. ਨਗਰ, 7 ਮਈ (ਕਪਿਲ ਵਧਵਾ)- ਮੁਹਾਲੀ ਪੁਲਿਸ ਨੇ ਨਾਜਾਇਜ਼ ਹਥਿਆਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਵੱਖ-ਵੱਖ ਬੋਰ ਦੇ 6 ਨਾਜਾਇਜ਼ ਹਥਿਆਰ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਨੂੰ ਪੰਜਾਬ ਵਿਚ ਅਪਰਾਧਿਕ ਗਤੀਵਿਧੀਆਂ ਲਈ ਵਰਤਣ ਦੀ ਯੋਜਨਾ ਸੀ | ਮਾਮਲੇ 'ਚ ਇਕ ਹੋਰ ਮੁਲਜ਼ਮ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ | ਐੱਸ. ਐੱਸ. ਪੀ. ਮੁਹਾਲੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ 29 ਅਪ੍ਰੈਲ ਨੂੰ ਸੀ. ਆਈ. ਏ. ਸਟਾਫ਼ ਦੀ ਟੀਮ ਪਿੰਡ ਨਵਾਂਸ਼ਹਿਰ ਬਡਾਲਾ ਨੇੜੇ ਮੌਜੂਦ ਸੀ, ਜਿਥੇ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਡਾਲੀ ਦਾ ਰਹਿਣ ਵਾਲਾ ਵਿਕਾਸ ਉਰਫ਼ ਲੱਕੀ, ਜਿਸ ਖ਼ਿਲਾਫ਼ ਪਹਿਲਾਂ ਵੀ ਕੁੱਟਮਾਰ ਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਦਰਜ ਹਨ, ਆਪਣੇ ਸਾਥੀਆਂ ਸਮੇਤ ਹਥਿਆਰਾਂ ਲੈ ਕੇ ਘੁੰਮ ਰਿਹਾ ਹੈ | ਥਾਣਾ ਸਦਰ ਖਰੜ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਕਰਦਿਆਂ ਵਿਕਾਸ ਉਰਫ਼ ਲੱਕੀ ਨੂੰ ਉਸ ਦੀ ਵਰਨਾ ਕਾਰ ਸਮੇਤ ਪਿੰਡ ਬਡਾਲੀ ਨੇੜਿਓਾ ਕਾਬੂ ਕਰ ਲਿਆ | ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਗਰੋਹ ਦੇ ਹੋਰਨਾਂ ਮੈਂਬਰਾਂ ਤੱਕ ਪਹੁੰਚ ਬਣਾਈ ਤੇ ਸੋਨੀਪਤ ਦੇ ਰਹਿਣ ਵਾਲੇ ਅਨੀਸ਼ ਕੁਮਾਰ ਉਰਫ਼ ਹਨੀ ਬਾਕਸਰ, ਜੋ ਕਿ ਇਸ ਸਮੇਂ ਚੰਡੀਗੜ੍ਹ ਵਿਚ ਰਹਿ ਰਿਹਾ ਸੀ, ਨੂੰ ਖਰੜ ਤੋਂ ਗਿ੍ਫ਼ਤਾਰ ਕਰ ਲਿਆ | ਪੁਲਿਸ ਮੁਤਾਬਿਕ ਅਨੀਸ਼ ਖ਼ਿਲਾਫ਼ ਪਹਿਲਾਂ ਵੀ ਅੰਮਿ੍ਤਸਰ, ਫ਼ਰੀਦਕੋਟ ਅਤੇ ਮੁਹਾਲੀ ਵਿਖੇ ਨਾਜਾਇਜ਼ ਹਥਿਆਰਾਂ ਅਤੇ ਲੜਾਈ-ਝਗੜਿਆਂ ਦੇ ਮਾਮਲੇ ਦਰਜ ਹਨ | ਇਸ ਤੋਂ ਇਲਾਵਾ ਪਿੰਡ ਨਵਾਂਸ਼ਹਿਰ ਸ਼ਹਿਰ ਬਡਾਲਾ ਦੇ 19 ਸਾਲਾ ਪ੍ਰਦੀਪ ਸਿੰਘ ਉਰਫ਼ ਬਿੱਲੀ ਨੂੰ ਵੀ ਇਸ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਸੀ | ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 3 ਪਿਸਤੌਲ .32 ਬੋਰ, ਇਕ ਪਿਸਤੌਲ .30 ਬੋਰ, ਇਕ ਪਿਸਤੌਲ .45 ਬੋਰ ਤੇ ਇਕ .12 ਬੋਰ ਪਿਸਤੌਲ ਸਮੇਤ ਵੱਡੀ ਗਿਣਤੀ 'ਚ ਜਿੰਦਾ ਕਾਰਤੂਸ ਤੇ ਖ਼ਾਲੀ ਖੋਲ ਬਰਾਮਦ ਕੀਤੇ ਹਨ | ਜਾਂਚ ਦੌਰਾਨ ਫ਼ਰਾਰ ਮੁਲਜ਼ਮ ਸਾਜਨ ਦੇ ਖਰੜ ਸਥਿਤ ਫਲੈਟ ਦੀ ਛੱਤ ਤੋਂ ਵੀ ਇਕ .45 ਬੋਰ ਦੀ ਪਿਸਤੌਲ ਬਰਾਮਦ ਹੋਈ ਹੈ | ਮੁਹਾਲੀ ਪੁਲਿਸ ਵਲੋਂ ਇਸ ਨੈੱਟਵਰਕ ਦੇ ਹੋਰਨਾਂ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ |