23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਵਾਰਡਬੰਦੀ ਦਾ ਕਮਾਲ-ਇਕ ਪਰਿਵਾਰ ਦੀਆਂ ਵੋਟਾਂ 5 ਵਾਰਡਾਂ 'ਚ ਪਾਈਆਂ

ਅਜੀਤ ਡੈਸਕ 21-04-2026
ਲਾਲੜੂ, 20 ਅਪ੍ਰੈਲ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੀਆਂ ਚੋਣਾਂ ਲਈ ਪ੍ਰਕਾਸ਼ਿਤ ਹੋਈਆਂ ਵੋਟਰ ਸੂਚੀਆਂ 'ਚ ਗੰਭੀਰ ਊਣਤਾਈਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਕਈ ਵਾਰਡਾਂ ਦੇ ਵੋਟਰਾਂ ਨੂੰ 8-8 ਕਿੱਲੋਮੀਟਰ ਦੂਰ ਪੈਂਦੇ ਵਾਰਡਾਂ 'ਚ ਤਬੀਦਲ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਵੋਟਰ ਆਪਣੇ ਜੱਦੀ ਵਾਰਡ 'ਚ ਆਉਣ ਲਈ ਸੰਭਾਵੀ ਉਮੀਦਵਾਰਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆ ਰਹੇ ਹਨ, ਪਰ ਫ਼ਿਲਹਾਲ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪੈ ਰਹੀ ਹੈ | ਵੋਟਰ ਸੂਚੀਆਂ 'ਚ ਗੰਭੀਰ ਊਣਤਾਈਆਂ ਦੀ ਰਿਕਾਰਡ ਸਮੇਤ ਜਾਣਕਾਰੀ ਦਿੰਦਿਆਂ ਲਾਲੜੂ ਦੇ ਜੱਦੀ ਵਸਨੀਕ ਚੰਦਰਪਾਲ ਪੁੱਤਰ ਮੋਲੂ ਰਾਮ ਨੇ ਦੱਸਿਆ ਕਿ ਉਹ ਆਪਣੀ ਮਾਤਾ ਤੇ ਆਪਣੇ ਭਰਾ ਜਗਪਾਲ ਸਿੰਘ ਦੇ ਨਾਲ ਸਾਂਝੇ ਪਰਿਵਾਰ 'ਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਜੱਦੀ ਜ਼ਮੀਨ, ਮਕਾਨ ਅਤੇ ਬੈਠਕ ਸਭ ਸਾਂਝੇ ਹਨ ਅਤੇ ਮਕਾਨ ਤੇ ਬੈਠਕ ਤਾਂ ਇਕੋ ਵਾਰਡ 'ਚ ਹਨ | ਉਨ੍ਹਾਂ ਦੱਸਿਆ ਕਿ ਇਸ ਸਮੇ ਉਨ੍ਹਾਂ ਦੇ ਪਰਿਵਾਰ 'ਚ 7 ਵੋਟਾਂ ਹਨ, ਜਿਸ 'ਚੋਂ ਉਨ੍ਹਾਂ ਦੀ ਆਪਣੀ ਵੋਟ, ਉਨ੍ਹਾਂ ਦੀ ਮਾਤਾ ਤੇ ਪਤਨੀ ਦੀ ਵੋਟ ਵਾ. ਨੰ. 12 'ਚ ਲੜੀ ਨੰਬਰ 693, 694 ਤੇ 695 ਤਹਿਤ ਪਾਈ ਗਈ ਹੈ, ਜਦਕਿ ਉਨ੍ਹਾਂ ਦੇ ਭਰਾ ਜਗਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਦੇਵੀ ਦੀ ਵੋਟ ਵਾ. ਨੰ. 13 'ਚ ਲੜੀ ਨੰ. 1696 ਤੇ 1697 ਵਜੋਂ ਦਰਜ ਕੀਤੀ ਗਈ ਹੈ | ਇਸ ਤੋਂ ਅੱਗੇ ਜਗਪਾਲ ਸਿੰਘ ਦੇ ਪੁੱਤਰ ਸ਼ਕਤੀ ਸਿੰਘ ਦੀ ਵੋਟ ਵਾ. ਨੰ. 14 ਵਿਚ ਲੜੀ ਨੰਬਰ 1184 ਤਹਿਤ ਦਰਜ ਕੀਤੀ ਗਈ ਹੈ, ਜਦਕਿ ਦੂਜੇ ਪੁੱਤਰ ਸਾਗਰ ਅੱਤਰੀਸ ਦੀ ਵੋਟ ਵਾ. ਨੰ. 17 'ਚ ਲੜੀ ਨੰ. 943 ਤਹਿਤ ਪਾ ਦਿੱਤੀ ਗਈ ਹੈ | ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਕਰੀਬ 6 ਮਹੀਨੇ ਪਹਿਲਾਂ ਗੁਜਰ ਚੁੱਕੇ ਚੰਦਰਪਾਲ ਦੇ ਪਿਤਾ ਮਿ੍ਤਕ ਮੋਲੂ ਰਾਮ ਦੀ ਵੋਟ ਸੂਚੀ ਵਿਚੋਂ ਕੱਟਣ ਦੀ ਬਜਾਏ ਪੁਰਾਣੇ ਵਾਰਡ ਦੀ ਥਾਂ 8 ਕਿੱਲੋਮੀਟਰ ਦੂਰ ਵਾ. ਨੰ. 1 'ਚ ਪਾ ਦਿੱਤੀ ਗਈ ਹੈ | ਇਸ ਤੋਂ ਇਲਾਵਾ ਉਨ੍ਹਾਂ ਦੇ 25-30 ਗੁਆਂਢੀਆਂ ਦੀਆਂ ਵੋਟਾਂ ਵੀ ਵਾ. ਨੰ. 1 'ਚ ਪਾ ਦਿੱਤੀਆਂ ਗਈਆਂ ਹਨ | ਚੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਦਾ ਵੋਟ ਸੂਚੀ ਬਣਾਉਣ ਵਾਲਾ ਫਾਰਮੂਲਾ ਹੀ ਸਮਝ ਨਹੀਂ ਆਇਆ ਅਤੇ ਉਹ ਸੰਬੰਧਿਤ ਸਥਾਨਕ ਅਫ਼ਸਰਾਂ ਤੇ ਹਲਕਾ ਵਿਧਾਇਕ ਤੋਂ ਮੰਗ ਕਰਦੇ ਹਨ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ 'ਚ ਨਿੱਜੀ ਦਿਲਚਸਪੀ ਲੈਂਦੇ ਹੋਏ ਇਨ੍ਹਾਂ ਨੂੰ ਹੱਲ ਕਰਵਾਉਣ ਤਾਂ ਜੋ ਆਮ ਲੋਕਾਂ ਦਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ 'ਤੇ ਵਿਸ਼ਵਾਸ ਬਣਿਆ ਰਹੇ | ਉਧਰ ਦੂਜੇ ਪਾਸੇ ਮਾਮਲੇ ਬਾਰੇ ਸੰਪਰਕ ਕਰਨ 'ਤੇ ਐਸ. ਡੀ. ਐਮ. ਅਮਿਤ ਕੁਮਾਰ ਗੁਪਤਾ ਨੇ ਕਿਹਾ ਕਿ ਮੁੱਢਲੀ ਸੂਚੀ ਵਿਚ ਕੁਝ ਗ਼ਲਤੀਆਂ ਰਹਿ ਜਾਂਦੀਆਂ ਹਨ ਤੇ ਇਸੇ ਲਈ ਇਤਰਾਜ਼ ਮੰਗ ਕੇ ਵੋਟਰਾਂ ਨੂੰ ਸਮਾਂ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੀ ਵੋਟਰ ਸੂਚੀ 'ਚ ਊਣਤਾਈਆਂ ਹਨ, ਉਹ 23 ਅਪ੍ਰੈਲ ਤੱਕ ਐਸ. ਡੀ. ਐਮ. ਦਫ਼ਤਰ ਵਿਖੇ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾ ਦੇਣ ਤਾਂ ਜੋ ਵੋਟਰ ਸੂਚੀ ਨੂੰ ਦਰੁਸਤ ਕੀਤਾ ਜਾ ਸਕੇ | ਇਸ ਉਪਰੰਤ ਜਦੋਂ ਉਨ੍ਹਾਂ ਦਾ ਧਿਆਨ ਅੰਤ ਤੱਕ ਵੋਟਰ ਸੂਚੀ ਨਾ ਦੇਖ ਪਾਉਣ ਵਾਲੇ ਸਾਧਾਰਨ ਵੋਟਰਾਂ ਵੱਲ ਦਿਵਾਇਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ |

ਪਿਛਲੀ ਖ਼ਬਰ ਡੀ. ਸੀ. ਵਲੋਂ ਸੜਕਾਂ ਦੇ ਬਲੈਕ ਸਪਾਟਾਂ ਨੂੰ ਤਰਜੀਹੀ ਆਧਾਰ 'ਤੇ ਠੀਕ ਕਰਨ ਦੇ ਹੁਕਮ ਜਾਰੀ <br/> ਅਗਲੀ ਖ਼ਬਰ ਸਬ-ਡਵੀਜ਼ਨਲ ਮੈਜਿਸਟ੍ਰੇਟ ਦਫ਼ਤਰ ਤੱਕ ਪਹੁੰਚਣ ਲਈ ਨਹੀਂ ਲੱਗ ਸਕੇ ਰਾਹ ਦਸੇਰਾ ਬੋਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।