ਚੰਡੀਗੜ੍ਹ, 1 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਪੱਛਮੀ ਖੇਤਰ 'ਚ ਮੁੜ ਹੋਈ ਮੌਸਮ ਦੀ ਗੜਬੜੀ ਕਾਰਨ 3 ਅਤੇ 4 ਅਪ੍ਰੈਲ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੌਸਮ ਖ਼ਰਾਬ ਹੋਣ ਸੰਬੰਧੀ ਔਰੇਂਜ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਇਨ੍ਹਾਂ ਦੋ ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਗੜ੍ਹੇ ਮਾਰੀ ਹੋਣ, ਦਰਮਿਆਨਾ ਮੀਂਹ ਪੈਣ ਅਤੇ ਧੂੜ ਭਰੀਆਂ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ ਗਈ ਹੈ | ਲੰਘੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਇਲਾਕਿਆਂ ਵਿਚ ਮੀਂਹ ਪਿਆ ਅਤੇ ਗੜੇਮਾਰੀ ਹੋਈ | ਮੌਸਮ ਵਿਭਾਗ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ 3 ਅਪ੍ਰੈਲ ਤੋਂ ਪੰਜਾਬ ਵਿਚ ਮੌਸਮ ਦਾ ਮਿਜ਼ਾਜ਼ ਬਦਲ ਜਾਵੇਗਾ ਅਤੇ ਮੀਂਹ, ਹਨੇਰੀ ਅਤੇ ਗੜੇਮਾਰੀ ਹੋ ਸਕਦੀ ਹੈ | ਇਸ ਦਿਨ ਸੂਬੇ ਦੇ ਮਾਝਾ ਖੇਤਰ ਅਤੇ ਨਾਲ ਲੱਗਦੇ ਜ਼ਿਲਿ੍ਹਆਂ ਵਿਚ ਕਿਤੇ ਕਿਤੇ ਗੜ੍ਹੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਇਸ ਦਿਨ ਗੁਰਦਾਸਪੁਰ, ਅੰਮਿ੍ਤਸਰ, ਕਪੂਰਥਲਾ, ਤਰਨਤਾਰਨ, ਜਲੰਧਰ, ਫ਼ਿਰੋਜਪੁਰ ਅਤੇ ਪਠਾਨਕੋਟ ਜ਼ਿਲਿ੍ਹਆਂ ਵਿਚ ਦਰਮਿਆਨਾ ਮੀਂਹ ਪਵੇਗਾ, 50 ਕਿਲੋਮੀਟਰ ਪਰ ਘੰਟਾ ਗਤੀ ਦੀਆਂ ਤੇਜ਼ ਹਵਾਵਾਂ ਚੱਲਣਗੀਆਂ ਅਤੇ ਗੜ੍ਹੇ ਪੈਣਗੇ | ਜਦੋਂ ਕਿ ਸੂਬੇ ਦੇ ਬਾਕੀ ਜ਼ਿਲਿ੍ਹਆਂ ਵਿਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦਾ ਅਨੁਮਾਨ ਹੈ | ਇਸੇ ਤਰ੍ਹਾਂ 4 ਅਪ੍ਰੈਲ ਨੂੰ ਮਾਲਵਾ ਖੇਤਰ ਔਰੇਂਜ ਚਿਤਾਵਨੀ ਦੀ ਮਾਰ ਵਿਚ ਰਹੇਗਾ ਅਤੇ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਫਰੀਦਕੋਟ ਅਤੇ ਫਿਰੋਜਪੁਰ ਜ਼ਿਲਿ੍ਹਆਂ ਵਿਚ ਦਰਮਿਆਨਾ ਮੀਂਹ ਪੈਣ, 50 ਕਿਲੋਮੀਟਰ ਪਰ ਘੰਟਾ ਗਤੀ ਦੀਆਂ ਤੇਜ਼ ਹਵਾਵਾਂ ਚੱਲਣ ਅਤੇ ਗੜੇ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ | ਜਦੋਂ ਸੂਬੇ ਦੇ ਬਾਕੀ ਜ਼ਿਲਿ੍ਹਆਂ ਵਿਚ ਯੈਲੋ ਚਿਤਾਵਨੀ ਦੇ ਚੱਲਦਿਆਂ 40 ਕਿਲੋਮੀਟਰ ਪਰ ਘੰਟਾ ਗਤੀ ਤੇਜ਼ ਹਵਾਵਾਂ ਚੱਲਣਗੀਆਂ ਅਤੇ ਮੀਂਹ ਪਵੇਗਾ |