ਐੱਸ. ਏ. ਐੱਸ. ਨਗਰ, 1 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਦੋ ਕੰਸਲਟੈਂਟ ਫਰਮਾਂ ਦੇ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਵੀਨਸ ਵੀਜ਼ਾ ਫਰਮ (ਐਸ. ਸੀ. ਓ. ਨੰ. 38 ਟਾਪ ਫਲੋਰ ਫੇਜ਼-5 ਮੁਹਾਲੀ) ਦੇ ਮਾਲਕ ਮਨਮੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਪਤਨੀ ਅਰਸ਼ਦੀਪ ਸਿੰਘ ਵਾਸੀ ਮਕਾਨ ਨੰ. 761 ਗਿਲਕੋ ਪਾਰਕ ਸੈਕਟਰ-115 ਖਰੜ ਜ਼ਿਲ੍ਹਾ ਮੁਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 13 ਦਸੰਬਰ 2027 ਤੱਕ ਹੈ | ਇਸੇ ਤ੍ਹਾਂ ਐਮਪਾਇਰ ਵੀਜ਼ਾ ਕੰਸਲਟੈਂਟਸ ਫਰਮ (ਐਸ. ਸੀ. ਓ. ਨੰ. 11 ਦੂਜੀ ਮੰਜ਼ਿਲ ਨੇੜੇ ਸਰਕਾਰੀ ਕਾਲਜ ਰੋਡ ਡੇਰਾਬੱਸੀ ਜ਼ਿਲ੍ਹਾ ਮੁਹਾਲੀ) ਦੇ ਮਾਲਕ ਹਰਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਬੈਰਮਾਜਰਾ ਚੰਡੀਗੜ੍ਹ ਅਤੇ ਭੁਪਿੰਦਰ ਪਾਲ ਪੁੱਤਰ ਗਿਆਨ ਚੰਦ ਵਾਸੀ ਪੰਚਕੂਲਾ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 1 ਨਵੰਬਰ 2028 ਤੱਕ ਹੈ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਉਕਤ ਦੋਵਾਂ ਫਰਮਾਂ ਦੇ ਲਾਇਸੰਸੀਆਂ ਵਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਤੇ ਇਸ਼ਤਿਹਾਰਾਂ ਸੰਬੰਧੀ ਸੂਚਨਾ ਸਮੇਂ ਸਿਰ ਨਾ ਭੇਜ ਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਕੇ ਅਤੇ ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇ ਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਦੇ ਚਲਦਿਆਂ ਦੋਵਾਂ ਫਰਮਾਂ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਅਗਲੇ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਗਏ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਲਾਇਸੰਸੀਆਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ ਕਿਉਂ ਨਾ ਉਨ੍ਹਾਂ ਦੇ ਲਾਇਸੰਸ ਰੱਦ ਕਰ ਦਿੱਤੇ ਜਾਣ |