ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਟੀਮ ਵੀ ਮੌਕੇ 'ਤੇ ਪੁੱਜੀ
ਖਰੜ, 1 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਆਰੀਆ ਕਾਲਜ ਰੋਡ 'ਤੇ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਦੇ ਨੇੜੇ ਪਏ ਖਾਲੀ ਪਲਾਟਾਂ 'ਚ ਕਿਸੇ ਵਿਅਕਤੀ ਵਲੋਂ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਲਿਟਰੇਚਰ ਸੁੱਟੇ ਜਾਣ ਕਾਰਨ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਿਟੀ ਪੁਲਿਸ ਖਰੜ ਵੀ ਮੌਕੇ 'ਤੇ ਪੁੱਜ ਗਈ | ਦੁਕਾਨਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਖਾਲੀ ਥਾਂ 'ਚ ਉਨ੍ਹਾਂ ਦਾ ਪਲਾਟ ਹੈ ਅਤੇ ਉਹ ਆਰੀਆ ਕਾਲਜ ਰੋਡ 'ਤੇ ਮੋਬਾਈਲਾਂ ਦੀ ਦੁਕਾਨ ਕਰਦੇ ਹਨ | ਅੱਜ ਉਹ ਆਪਣੇ ਪਲਾਟ ਵੱਲ ਚੱਕਰ ਲਗਾਉਣ ਲਈ ਗਿਆ ਸੀ ਅਤੇ ਇਸ ਦੌਰਾਨ ਉਸ ਨੇ ਦੇਖਿਆ ਕਿ ਉਸ ਦੇ ਪਲਾਟ 'ਚ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਲਿਟਰੇਚਰ ਸੁੱਟਿਆ ਹੋਇਆ ਸੀ | ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ | ਇਸੇ ਦੌਰਾਨ ਮੌਕੇ 'ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜੀ ਨੇ ਕਿਹਾ ਕਿ ਇਹ ਬੜੀ ਦੁਖਦਾਈ ਤੇ ਸ਼ਰਮਨਾਕ ਘਟਨਾ ਹੈ | ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਟੀਮ ਵੀ ਮੌਕੇ 'ਤੇ ਪੁੱਜ ਗਈ | ਖੇੜਾ ਨੇ ਕਿਹਾ ਕਿ ਸ਼ਾਇਦ ਰਾਤ ਦੇ ਹਨੇਰੇ 'ਚ ਕਿਸੇ ਵਲੋਂ ਇਹ ਹਰਕਤ ਕੀਤੀ ਗਈ ਹੈ, ਜੋ ਕਿ ਨਿੰਦਣਯੋਗ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਪਛਾਣ ਕਰੇ | ਇਸੇ ਦੌਰਾਨ ਮੌਕੇ 'ਤੇ ਪੁੱਜੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੇ ਮੈਨੇਜਰ ਸੁਖਵਿੰਦਰ ਸਿੰਘ, ਗ੍ਰੰਥੀ ਭੁਪਿੰਦਰ ਸਿੰਘ ਤੇ ਅਕਾਊਟੈਂਟ ਇੰਦਰਜੀਤ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਲਾਟ 'ਚੋਂ ਖਸਤਾ ਹਾਲਤ ਵਾਲਾ ਗੁਟਕਾ ਸਾਹਿਬ, ਸੁਖਮਨੀ ਸਾਹਿਬ, ਦੁਖਭੰਜਨੀ ਸਾਹਿਬ ਆਦਿ ਪੋਥੀਆਂ ਤੇ ਹੋਰ ਧਾਰਮਿਕ ਲਿਟਰੇਚਰ ਮਿਲਿਆ ਹੈ, ਜਿਸ ਨੂੰ ਸਤਿਕਾਰ ਨਾਲ ਗੁਰਦੁਆਰਾ ਅੰਬ ਸਾਹਿਬ ਲਿਜਾਇਆ ਜਾ ਰਿਹਾ ਹੈ | ਉਨ੍ਹਾ ਮੰਗ ਕੀਤੀ ਕਿ ਇਸ ਸੰਬੰਧ ਵਿਚ ਪੁਲਿਸ ਤੁਰੰਤ ਮਾਮਲਾ ਦਰਜ ਕਰੇ ਅਤੇ ਦੋਸ਼ੀ ਨੂੰ ਕਾਬੂ ਕਰਕੇ ਸਖ਼ਤ ਸਜ਼ਾ ਦੇਵੇ | ਉਧਰ ਦੂਜੇ ਪਾਸੇ ਘਟਨਾ ਸਥਾਨ 'ਤੇ ਹਾਜ਼ਰ ਥਾਣਾ ਸਿਟੀ ਖਰੜ ਦੇ ਐਸ. ਐਚ. ਓ. ਅਮਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵਲੋਂ ਘਟਨਾ ਵਾਲੇ ਸਥਾਨ ਦੇ ਨਾਲ ਲੱਗਦੀਆਂ ਦੁਕਾਨਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ |
ਖਰੜ ਵਿਖੇ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਸਾਹਿਤ ਦੀ ਹੋਈ ਬੇਅਦਬੀ
ਅਜੀਤ ਡੈਸਕ
02-04-2026