ਘੱਗਰ 'ਚ ਟਰੈਕਟਰ ਹੇਠਾਂ ਆਉਣ ਕਰਕੇ ਪ੍ਰਵਾਸੀ ਦੀ ਮੌਤ
ਡੇਰਾਬੱਸੀ, 1 ਅਪ੍ਰੈਲ (ਗੁਰਮੀਤ ਸਿੰਘ)-ਮਾਈਨਿੰਗ ਦਾ ਗੜ੍ਹ ਮੰਨੇ ਜਾਂਦੇ ਪਿੰਡ ਕਕਰਾਲੀ ਨੇੜੇ ਘੱਗਰ 'ਚ ਤੜਕੇ ਇਕ ਪ੍ਰਵਾਸੀ ਦੀ ਟਰੈਕਟਰ ਹੇਠਾਂ ਆਉਣ ਕਰਕੇ ਮੌਤ ਹੋ ਗਈ | ਇਹ ਘਟਨਾ ਉਦੋਂ ਵਾਪਰੀ ਜਦੋਂ ਮਾਈਨਿੰਗ ਮਾਫ਼ੀਆ ਰੋਜ਼ਾਨਾ ਵਾਂਗ ਘੱਗਰ 'ਚੋਂ ਰੇਤ ਚੋਰੀ ਕਰਨ ਲਈ ਉਤਰਿਆ ਹੋਇਆ ਸੀ | ਹਾਲਾਂਕਿ ਮਾਮਲੇ ਦੇ ਜਾਂਚ ਅਧਿਕਾਰੀ ਦਿਲ ਦਾ ਦੌਰਾ ਪੈਣ ਨੂੰ ਪ੍ਰਵਾਸੀ ਦੀ ਮੌਤ ਦਾ ਕਾਰਨ ਦੱਸ ਰਹੇ ਹਨ, ਜਦਕਿ ਪੋਸਟਮਾਰਟਮ ਰਿਪੋਰਟ 'ਚ ਟਰੈਕਟਰ ਦੇ ਟਾਇਰ ਦੇ ਪ੍ਰਵਾਸੀ 'ਤੇ ਚੜ੍ਹਨ ਕਰਕੇ ਪੱਸਲੀਆਂ ਟੁੱਟਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ | ਇਸ ਦਰਦਨਾਕ ਘਟਨਾ ਨੇ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਇਸ ਦੇ ਨਾਲ ਹੀ ਇਹ ਹਾਦਸਾ ਮਾਈਨਿੰਗ ਵਿਭਾਗ ਅਤੇ ਡੇਰਾਬੱਸੀ ਪ੍ਰਸ਼ਾਸਨ ਦੀ ਕਾਰਗੁਜਾਰੀ 'ਤੇ ਵੱਡਾ ਸਵਾਲੀਆ ਚਿੰਨ ਲਗਾਉਂਦਾ ਹੈ | ਮਿ੍ਤਕ ਦੀ ਪਛਾਣ 39 ਸਾਲਾ ਸੂਰਜ ਪੁੱਤਰ ਵੇਦ ਪ੍ਰਕਾਸ਼ ਹਾਲ ਵਾਸੀ ਪਿੰਡ ਕਕਰਾਲੀ ਦੇ ਰੂਪ 'ਚ ਹੋਈ ਹੈ | ਜਾਂਚ ਅਧਿਕਾਰੀ ਲਖਵਿੰਦਰ ਸਿੰਘ ਮੁਤਾਬਿਕ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ | ਹਸਪਤਾਲ 'ਚ ਮੌਜੂਦ ਮਿ੍ਤਕ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ | ਪਿੰਡ ਕਕਰਾਲੀ 'ਚ ਮਾਈਨਿੰਗ ਮਾਫ਼ੀਆ ਦਾ ਪੂਰਾ ਦਬਦਬਾ ਹੈ | ਚਾਹੇ ਪਿਛਲੀਆਂ ਸਰਕਾਰਾਂ ਹੋਣ ਜਾਂ 'ਆਪ' ਦੀ ਸਰਕਾਰ ਇਥੇ ਹੁੰਦੀ ਨਾਜਾਇਜ਼ ਮਾਈਨਿੰਗ 'ਤੇ ਨੱਥ ਨਹੀਂ ਪਾ ਸਕੀਆਂ | ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਕੁਝ ਦਿਨਾਂ ਮਗਰੋਂ ਇਕ-ਦੋ ਟਰੈਕਟਰ ਟਰਾਲੀਆਂ ਨੂੰ ਫੜ੍ਹ ਕੇ ਅਣਪਛਾਤੇ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਕੇ ਸਿਰਫ਼ ਖਾਨਾਪੂਰਤੀ ਕੀਤੀ ਜਾਂਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਰਾਤ ਹੁੰਦੇ ਸਾਰ ਹੀ ਪਿੰਡ ਕਕਰਾਲੀ ਰਾਹੀਂ ਮਾਈਨਿੰਗ ਮਾਫ਼ੀਆ 100-150 ਟਰੈਕਟਰ-ਟਰਾਲੀਆਂ ਸਮੇਤ ਲੱਖਾਂ ਰੁ. ਦਾ ਰੇਤ ਚੋਰੀ ਕਰਨ ਲਈ ਘੱਗਰ 'ਚ ਉਤਰ ਜਾਂਦਾ ਹੈ | ਇੱਥੇ ਰਾਤ ਸਮੇਂ ਹੁੰਦੀ ਨਾਜਾਇਜ਼ ਮਾਈਨਿੰਗ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਮਾਈਨਿੰਗ ਵਿਭਾਗ ਦਾਅਵਾ ਕਰਦਾ ਹੈ ਕਿ ਸਮੇਂ-ਸਮੇਂ 'ਤੇ ਛਾਪਾ ਮਾਰ ਕੇ ਕਾਰਵਾਈ ਕੀਤੀ ਜਾਂਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਵਿਭਾਗ ਦੀ ਮਿਲੀਭੁਗਤ ਅਤੇ ਕਿਸੇ ਵੱਡੇ ਆਗੂ ਦੀ ਸਰਪ੍ਰਸਤੀ ਤੋਂ ਗ਼ੈਰ-ਕਾਨੂੰਨੀ ਮਾਈਨਿੰਗ ਸੰਭਵ ਨਹੀਂ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਕਕਰਾਲੀ ਸਮੇਤ ਡੇਰਾਬੱਸੀ ਦੇ ਪਿੰਡ ਅਮਲਾਲਾ, ਇਬਰਾਹੀਮ ਪੁਰ, ਬਹੋੜਾ ਤੇ ਪਰਾਗਪੁਰ ਨੇੜਿਓਾ ਵਗਦੇ ਘੱਗਰ 'ਚੋਂ ਵੀ ਰੇਤ ਚੋਰੀ ਹੁੰਦਾ ਹੈ |
ਡੇਰਾਬੱਸੀ ਦੇ ਪਿੰਡ ਕਕਰਾਲੀ ਨੇੜੇ ਘੱਗਰ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਖੁੱਲ੍ਹੀ ਪੋਲ
ਅਜੀਤ ਡੈਸਕ
02-04-2026